ਮੁੱਖ ਮੰਤਰੀ ਨੇ ਪੀ.ਐਸ.ਪੀ.ਸੀ.ਐਲ. ਨੂੰ ਕਿਸਾਨਾਂ ਲਈ ਅੱਠ ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਆਖਿਆ, ਲੋੜ ਪੈਣ ’ਤੇ ਬਿਜਲੀ ਦੀ ਖਰੀਦ ਕਰਨ ਲਈ ਵੀ ਕਿਹਾ

ਨਿਊਜ਼ ਪੰਜਾਬ 

ਚੰਡੀਗੜ੍ਹ, 25 ਜੂਨ

        ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ ( ਪੀ.ਐਸ.ਪੀ.ਸੀ.ਐਲ. ) ਨੂੰ ਕਿਸਾਨਾਂ ਲਈ ਬਿਜਲੀ ਦੀ ਅੱਠ ਘੰਟੇ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਬਿਜਲੀ ਦੀ ਕਮੀ ਪੂਰੀ ਕਰਨ ਲਈ ਕਿਸੇ ਵੀ ਕੀਮਤ ਉਤੇ ਸੂਬੇ ਤੋਂ ਬਾਹਰੋਂ ਬਿਜਲੀ ਖਰੀਦਣ ਦੇ ਆਦੇਸ਼ ਦਿੱਤੇ ਹਨ ਤਾਂ ਕਿ ਬਿਜਾਈ ਦੇ ਚੱਲ ਰਹੇ ਸੀਜ਼ਨ ਵਿਚ ਬਿਜਲੀ ਸਪਲਾਈ ਵਿਚ ਕੋਈ ਵਿਘਨ ਨਾ ਪੈਣ ਦਿੱਤਾ ਜਾਵੇ।

        ਸਾਉਣੀ ਦੇ ਚੱਲ ਰਹੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਬਿਜਲੀ ਸਪਲਾਈ ਦੀ ਸਥਿਤੀ ਦਾ ਜਾਇਜਾ ਲੈਣ ਲਈ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਹਦਾਇਤ ਕੀਤੀ ਕਿ ਪੀ.ਐਸ.ਪੀ.ਸੀ.ਐਲ. ਨੂੰ 500 ਕਰੋੜ ਰੁਪਏ ਜਾਰੀ ਕੀਤੇ ਜਾਣ ਤਾਂ ਮਹਾਮਾਰੀ ਦੇ ਮੱਦੇਨਜ਼ਰ ਪੈਦਾ ਹੋਏ ਵਿੱਤੀ ਸੰਕਟ ਨਾਲ ਨਿਪਟਿਆ ਜਾ ਸਕੇ। ਵਿੱਤ ਮੰਤਰੀ ਮਨਪ੍ਰੀਤ ਸਿੰਗ ਬਾਦਲ ਜੋ ਮੀਟਿੰਗ ਵਿਚ ਹਾਜ਼ਰ ਸਨ, ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਵਿਭਾਗ ਇਹ ਫੰਡ ਬਿਨਾਂ ਕਿਸੇ ਦੇਰੀ ਤੋਂ ਜਾਰੀ ਕਰੇਗਾ।

        ਇਸ ਤੋਂ ਪਹਿਲਾਂ ਪੀ.ਐਸ.ਪੀ.ਸੀ.ਐਲ. ਨੇ ਮੀਟਿੰਗ ਦੌਰਾਨ ਜਾਣਕਾਰੀ ਦਿੱਤੀ ਕਿ ਮਹਾਮਾਰੀ ਦੇ ਸੰਕਟ ਦੌਰਾਨ ਬੀਤੇ ਇਕ ਸਾਲ ਵਿਚ ਖਪਤ ਅਤੇ ਮਾਲੀਏ ਦੀ ਉਗਰਾਹੀ ਵਿਚ ਕਮੀ ਆਉਣ ਕਰਕੇ ਕਈ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

        ਪੰਜਾਬ ਵਿਚ ਫਸਲਾਂ ਦੀ ਬਿਜਾਈ ਲਈ ਕਿਸਾਨਾਂ ਨੂੰ ਅੱਠ ਘੰਟੇ ਸਪਲਾਈ ਜਾਰੀ ਰੱਖਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਜਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਪੀ.ਐਸ.ਪੀ.ਸੀ.ਐਲ. ਨੂੰ ਬਿਜਲੀ ਦੀ ਕਮੀ ਪੂਰੀ ਕਰਨ ਲਈ ਲੋੜ ਪੈਣ ਉਤੇ ਸੂਬੇ ਤੋਂ ਬਾਹਰੋਂ ਕਿਸੇ ਵੀ ਕੀਮਤ ਉਤੇ ਬਿਜਲੀ ਖਰੀਦਣ ਦੇ ਹੁਕਮ ਦਿੱਤੇ ਹਨ ਤਾਂ ਕਿ ਸਰਕਾਰ ਕਿਸਾਨਾਂ ਨਾਲ ਕੀਤੀ ਗਈ ਵਚਨਬੱਧਤਾ ਨਿਭਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਿਜਲੀ ਸਪਲਾਈ ਵਿਚ ਕੋਈ ਵਿਘਨ ਨਹੀਂ ਪੈਣਾ ਚਾਹੀਦਾ।