ਮੁੱਖ ਮੰਤਰੀ ਵੱਲੋਂ ਕੋਵਿਡ-19 ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਰਾਜ ਦੇ ਨੌਜਵਾਨਾਂ ਨੂੰ ਮਿਸ਼ਨ ਫਤਹਿ 2.0 ਨਾਲ ਜੁੜਨ ਦਾ ਸੱਦਾ
ਨਿਊਜ਼ ਪੰਜਾਬ
ਤਰਨ ਤਾਰਨ, 27 ਮਈ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਇੱਕ ਵਰਚੂਅਲ ਸਮਾਗਮ ਦੌਰਾਨ ਰਾਜ ਦੇ ਨੌਜਵਾਨਾਂ ਨੂੰ ‘ਕੋਰੋਨਾ ਮੁਕਤ ਪੰਜਾਬ ਅਭਿਆਨ’ ਤਹਿਤ ਮਿਸ਼ਨ ਫਤਹਿ 2.0 ਨਾਲ ਜੁੜਨ ਦਾ ਸੱਦਾ ਦਿੱਤਾ ਹੈ ਤਾਂ ਜੋ ਪੰਜਾਬ ਵਿਚੋਂ ਕਰੋਨਾ ਨੂੰ ਖ਼ਤਮ ਕਰਕੇ ਸੂਬੇ ਨੂੰ ਤੰਦਰੁਸਤ ਪੰਜਾਬ ਬਣਾਇਆ ਜਾ ਸਕੇ। ਇਸ ਦੌਰਾਨ ਉਨਾਂ ਕੋਰੋਨਾ ਦੀ ਮਹਾਂਮਾਰੀ ਨਾਲ ਲੜਣ ਲਈ ਪ੍ਰਤੀ ਪਿੰਡ ਸੱਤ ਰੂਰਲ ਕੋਰੋਨਾ ਵਲੰਟੀਅਰਾਂ (ਆਰ. ਸੀ. ਵੀ.) ਦੇ ਸਮੂਹ ਕਾਇਮ ਕਰਨ ਦੇ ਨਿਰਦੇਸ਼ ਵੀ ਦਿੱਤੇ।
ਵਰਚੂਅਲ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਕਰੋਨਾ ਵਾਇਰਸ ਦੇ ਕੇਸਾਂ ਵਿੱਚ ਕਮੀ ਆ ਰਹੀ ਹੈ, ਪਰ ਹਾਲੇ ਬਹੁਤ ਕੁਝ ਕਰਨ ਦੀ ਜਰੂਰਤ ਹੈ। ਇਸ ਲਈ ਉਨਾਂ ਨੇ ਕਿਹਾ ਕਿ ਇਹ ਆਰ. ਸੀ. ਵੀ. ਸਮੂਹ ਤੁਰੰਤ ਕਾਇਮ ਕੀਤੇ ਜਾਣ, ਜੋ ਕਿ ਕੋਰੋਨਾ ਖਿਲਾਫ ਜੰਗ ਵਿੱਚ ਅਹਿਮ ਯੋਗਦਾਨ ਪਾਉਣਗੇ।
ਮੁੱਖ ਮੰਤਰੀ ਨੇ ਆਰ. ਸੀ. ਵੀਜ਼ ਨੂੰ ਟੈਸਟ, ਟਰੇਸ ਤੇ ਟਰੀਟ (ਜਾਂਚ, ਭਾਲ ਤੇ ਇਲਾਜ) ਸਬੰਧੀ ਲੋਕਾਂ ਨੂੰ ਜਾਗਰੂਕ ਕਰਨ, ਗਰੀਬ ਅਤੇ ਬਜ਼ੁਰਗ ਵਿਅਕਤੀਆਂ ਦੀ ਸੰਭਾਲ ਕਰਦੇ ਹੋਏ ਉਨਾਂ ਦੀ ਕੋਵਿਡ ਕੰਟਰੋਲ ਰੂਮ ਅਤੇ ਹੈਲਪਲਾਈਨਾਂ ਤੱਕ ਪਹੁੰਚ ਆਸਾਨ ਬਣਾਉਣ, ਸਾਰੇ ਪਿੰਡਾਂ ਵਿਚ ਠੀਕਰੀ ਪਹਿਰੇ ਲਾਉਣ, ਕੋਵਿਡ ਤੋਂ ਬਚਾਅ ਲਈ ਸਭ ਨਿਯਮਾਂ ਦਾ ਪਾਲਣ ਕਰਨ, ਚੰਗੀਆਂ ਇਲਾਜ ਸੁਵਿਧਾਵਾਂ ਹਾਸਲ ਕਰਨ ਵਿਚ ਪੇਂਡੂ ਲੋਕਾਂ ਦੀ ਮਦਦ ਕਰਨ, ਨੀਮ ਹਕੀਮਾਂ ਤੋਂ ਦੂਰ ਰਹਿਣ, ਕੋਵਾ ਐਪ ਡਾਊਨਲੋਡ ਕਰਨ ਤੋਂ ਇਲਾਵਾ ਬੈਨਰ ਅਤੇ ਕਿਤਾਬਚਿਆਂ ਆਦਿ ਪੇਸ਼ਕਦਮੀਆਂ ਦਾ ਦਾਇਰਾ ਵਧਾ ਕੇ ਹਰ ਵਿਅਕਤੀ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸੌਂਪੀ।
ਉਨਾਂ ਨੇ ਕੋਵਿਡ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਅਤੇ ਸੋਸ਼ਲ ਮੀਡੀਆ ਉੱਤੇ ਹੋਰ ਰਹੇ ਝੂਠੇ ਪ੍ਰਚਾਰ ਨੂੰ ਰੋਕਣ ਲਈ ਵੀ ਨੂੰ ਅੱਗੇ ਆਉਣ ਲਈ ਕਿਹਾ। ਉਨਾਂ ਨੇ ਕਿਹਾ ਕਿ ਹਰੇਕ ਆਰ. ਸੀ. ਵੀ ਨੂੰ ਇੱਕ-ਇੱਕ ਸਪੋਰਟਸ ਕਿੱਟ 12 ਅਗਸਤ ਨੂੰ ਕੌਮਾਂਤਰੀ ਯੁਵਾ ਦਿਵਸ ਮੌਕੇ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਇਸ ਮੌਕੇ ਯੁਵਾ ਮਾਮਲੇ ਵਿਭਾਗ ਵੱਲੋਂ 1 ਲੱਖ ਬੈਜ ਅਤੇ 1 ਲੱਖ ਕਾਰ ਸਟਿੱਕਰ, ਜਿਨਾਂ ਉੱਤੇ ‘ਮੈਂ ਟੀਕਾ ਲਗਵਾ ਚੁੱਕਿਆ ਹਾਂ’ ਲਿਖਿਆ ਹੈ, ਵੰਡੇ ਜਾਣ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਸੂਬੇ ਦੀ ਕੋਵਿਡ ਟੀਕਾਕਰਨ ਮੁਹਿੰਮ ਦੇ ਬ੍ਰਾਂਡ ਅੰਬੈਸਡਰ ਫਿਲਮ ਅਦਾਕਾਰ ਸੋਨੂੰ ਸੂਦ ਨੇ ਖਾਸ ਕਰਕੇ ਪੇਂਡੂ ਖੇਤਰਾਂ ਵਿਚ ਟੀਕਾਕਰਨ ਦੀ ਮਹੱਤਤਾ ਤੋਂ ਲੋਕਾਂ ਨੂੰ ਜਾਣੰੂ ਕਰਵਾਏ ਜਾਣ ਦਾ ਸੱਦਾ ਦਿੱਤਾ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਮੌਕੇ ਕੋਵਿਡ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮਾਂ ਸਬੰਧੀ ਜਾਣਕਾਰੀ ਦਿੱਤੀ ਜਦ ਕਿ ਖੇਡਾਂ ਤੇ ਯੁਵਾ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਸੂਬੇ ਵਿਚਲੇ ਸਾਰੇ 13,857 ਰਜਿਸਟਰਡ ਯੂਥ ਕਲੱਬਾਂ ਦੀ ਮੱਦਦ ਲਈ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਗਿਣਤੀ ਵਿਚ ਟੀਕਾਕਰਨ ਕਰਵਾਉਣ ਅਤੇ ਇਸ ਮਹਾਂਮਾਰੀ ਤੋਂ ਪੀੜਤ ਲੋਕਾਂ ਵਿਚ ਸਮਾਂ ਰਹਿੰਦਿਆਂ ਇਲਾਜ ਕਰਵਾਉਣ ਨੂੰ ਚੰਗੀ ਤਰਾਂ ਪ੍ਰਚਾਰਿਤ ਕੀਤਾ ਜਾ ਸਕੇ।
ਇਸ ਵਰਚੂਅਲ ਸਮਾਗਮ ਨੂੰ ਮੁੱਖ ਸਕੱਤਰ ਵਿਨੀ ਮਹਾਜਨ, ਪੰਜਾਬ ਸਰਕਾਰ ਦੇ ਸਿਹਤ ਸਲਾਹਕਾਰ ਡਾ. ਕੇ. ਕੇ. ਤਲਵਾੜ ਨੇ ਵੀ ਸੰਬੋਧਨ ਕੀਤਾ
ਇਸ ਵਰਚੂਅਲ ਸਮਾਗਮ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਤੋਂ ਸ਼ਿਰਕਤ ਕਰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਵਿੱਚੋਂ ਕੋਰਨਾ ਵਾਇਰਸ ਦੇ ਖਾਤਮੇ ਲਈ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ 2.0 ਨੂੰ ਜ਼ਿਲ੍ਹਾ ਤਰਨ ਤਾਰਨ ਵਿੱਚ ਪੂਰੀ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ। ਅੱਜ ਦਾ ਇਹ ਸਮਾਗਮ ਸਾਰੇ ਜ਼ਿਲੇ ਦੇ 20 ਪੇਂਡੂ ਅਤੇ ਸ਼ਹਿਰੀ ਸਥਾਨਾਂ ਉੱਤੇ ਇੱਕੋ ਸਮੇਂ ਪ੍ਰਸਾਰਿਤ ਹੋਇਆ।
ਇਸ ਮੌਕੇ ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ, ਐੱਸ. ਪੀ. ਹੈੱਡਕੁਆਟਰ ਸ੍ਰੀ ਗੁਰਨਾਮ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਰਵਿੰਦਰਪਾਲ ਸਿੰਘ ਅਤੇ ਜ਼ਿਲ੍ਹਾ ਖੇਡ ਅਫ਼ਸਰ ਤੋਂ ਇਲਾਵਾ ਨੌਜਵਾਨ ਵਲੰਟੀਅਰ ਵੀ ਹਾਜ਼ਰ ਸਨ।