ਵਿਧਾਇਕ, ਪੀ.ਵਾਈ.ਡੀ.ਬੀ. ਦੇ ਚੇਅਰਮੈਨ ਤੇ ਡੀ.ਸੀ. ਵੱਲੋਂ 18-44 ਉਮਰ ਵਰਗ ਦੇ ਉਸਾਰੀ ਕਾਮਿਆਂ ਲਈ ਟੀਕਾਕਰਨ ਮੁਹਿੰਮ ਦੀ ਸੁਰੂਆਤ

ਨਿਊਜ਼ ਪੰਜਾਬ 

ਲੁਧਿਆਣਾ, 10 ਮਈ  – 18 ਤੋਂ 44 ਉਮਰ ਵਰਗ ਦੇ ਲੋਕਾਂ ਲਈ ਟੀਕਾਕਰਨ ਦੇ ਤੀਜੇ ਅਤੇ ਸਭ ਤੋਂ ਮਹੱਤਵਪੂਰਨ ਪੜਾਅ ਦੀ ਸ਼ੁਰੂਆਤ ਕਰਦਿਆਂ ਹਲਕਾ ਗਿੱਲ ਵਿਧਾਇਕ ਸ. ਕੁਲਦੀਪ ਸਿੰਘ ਵੈਦ, ਪੰਜਾਬ ਯੁਵਾ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਕਿਹਾ ਕਿ ਇਹ ਟੀਕਾਕਰਣ ਮੁਹਿੰਮ ਇਸ ਵਾਇਰਸ ਨਾਲ ਟਾਕਰਾ ਕਰਕੇ ਇਸ ‘ਤੇ ਜਲਦ ਫਤਿਹ ਪਾਉਣ ਦਾ ਇੱਕੋ-ਇੱਕ ਰਸਤਾ ਹੈ।
ਜੁਆਇੰਟ ਕਮਿਸ਼ਨਰ ਪੁਲਿਸ ਸ੍ਰੀ ਜੇ. ਐਲਨਚੇਜ਼ੀਅਨ, ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਗਿੱਲ ਦੇ ਨਾਲ ਉਨ੍ਹਾਂ ਕਿਹਾ ਕਿ ਉਸਾਰੀ ਕਾਮਿਆਂ ਨੂੰ ਉੱਚ ਜੋਖਮ ਵਾਲੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਉਨ੍ਹਾਂ ਦਾ ਪਹਿਲ ਦੇ ਆਧਾਰ ‘ਤੇ ਇਸ ਗਰੁੱਪ ਵਿੱਚ ਟੀਕਾਕਰਨ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਹ ਟੀਕਾ ਉਨ੍ਹਾਂ ਨੂੰ ਇਸ ਮਹਾਂਮਾਰੀ ਤੋਂ ਬਚਾਅ ਲਈ ਕਵਚ ਦਾ ਕੰਮ ਕਰੇਗਾ, ਜੇਕਰ ਕਾਮਿਆਂ ਨੂੰ ਕੰਮਕਾਜ ਵੇਲੇ ਆਪਸੀ ਤਾਲਮੇਲ ਨਾਲ ਲਾਗ ਲੱਗ ਵੀ ਜਾਂਦੀ ਹੈ, ਤਾਂ ਇਹ ਬਿਮਾਰੀ ਜ਼ਿਆਦਾ ਪ੍ਰਭਾਵਿਤ ਨਹੀਂ ਕਰੇਗੀ।
ਉਨ੍ਹਾ ਕਿਹਾ ਕਿ ਜਿਵੇਂ ਮੋਟਰ ਸਾਈਕਲ ਸਵਾਰ ਨੁੰ ਹੈਲਮੈਟ ਸਿਰ ਦੀ ਸੱਟ ਤੋਂ ਬਚਾਉਂਦਾ ਹੈ, ਜੋ ਕਿ ਦੁਰਘਟਨਾਵਾਂ ਵਿੱਚ ਸਿਰ ਦੀ ਸੱਟ ਨੂੰ ਮੌਤ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ, ਇਸੇ ਤਰ੍ਹਾ ਟੀਕਾ ਬਿਮਾਰੀ ਦੀ ਗੰਭੀਰਤਾ ਤੋਂ ਬਚਾਉਂਦਾ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਮੁਲਕਾਂ ਵਿੱਚ ਲੋਕਾਂ ਨੇ ਦਿਲੋਂ ਟੀਕਾਕਰਨ ਪ੍ਰੋਗਰਾਮ ਦਾ ਸਮਰਥਨ ਕੀਤਾ ਹੈ ਉਨ੍ਹਾਂ ਮੁਲਕਾਂ ਨੇ ਇਸ ਮਹਾਂਮਾਰੀ ‘ਤੇ ਕਾਫੀ ਹੱਦ ਤੱਕ ਕਾਬੂ ਪਾਇਆ ਹੈ, ਹੁਣ ਜ਼ਿਲ੍ਹਾ ਲੁਧਿਆਣਾ ਦੇ ਲੋਕਾਂ ਨੂੰ ਵੀ ਅੱਗੇ ਆ ਕੇ ਇਸ ਟੀਕੇ ਨੂੰ ਹਥਿਆਰ ਵਜੋਂ ਅਪਨਾਉਣ ਦੀ ਲੋੜ ਹੈ।
ਪੀ.ਵਾਈ.ਡੀ.ਬੀ. ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਬੋਰਡ ਪਹਿਲਾਂ ਹੀ ਸੂਬੇ ਵਿੱਚ 33 ਟੀਕਾਕਰਣ ਕੈਂਪ ਲਗਾ ਚੁੱਕਾ ਹੈ ਅਤੇ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਨੂੰ ਸਮਾਜ ਦੇ ਹਿੱਤ ਵਿੱਚ ਟੀਕਾਕਰਨ ਕਰਵਾਉਣ।
ਉਨ੍ਹਾਂ ਇਕ ਵਾਰ ਫੇਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨੇੜਲੇ ਸਰਕਾਰੀ/ਨਿੱਜੀ ਸਿਹਤ ਕੇਂਦਰਾਂ ਵਿਚ ਵੱਡੀ ਗਿਣਤੀ ਵਿਚ ਟੀਕਾ ਪ੍ਰਾਪਤ ਕਰਕੇ ਇਸ ਮਹਾਂਮਾਰੀ ਦੀ ਜਲਦ ਤੋਂ ਜਲਦ ਰੋਕਥਾਮ ਲਈ ਪ੍ਰਸ਼ਾਸਨ ਨਾਲ ਹੱਥ ਮਿਲਾਉਣ।
ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿੱਚ 25 ਹਜ਼ਾਰ ਰਜਿਸਟਰਡ ਉਸਾਰੀ ਕਾਮੇ ਹਨ ਅਤੇ ਜਿਨ੍ਹਾਂ ਨੂੰ ਤੇਜ਼ੀ ਨਾਲ ਕਵਰ ਕੀਤਾ ਜਾਵੇਗਾ।