ਕੋਰੋਨਾ ਦੇ ਵਧਦੇ ਪ੍ਰਭਾਵ ਨੂੰ ਦੇਖਦਿਆਂ ਟੀਕਾਕਰਨ ਅਤੇ ਸੈਂਪਲਿੰਗ ਮੁਹਿੰਮ ਵਿੱਚ ਲਿਆਂਦੀ ਜਾਵੇਗੀ ਤੇਜ਼ੀ-ਐੱਸ. ਡੀ. ਐੱਮ. ਰਜਨੀਸ਼ ਅਰੋੜਾ

ਨਿਊਜ਼ ਪੰਜਾਬ 

ਤਰਨ ਤਾਰਨ, 30 ਅਪ੍ਰੈਲ
ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਦੇਖਦਿਆਂ ਹੋਇਆਂ ਜ਼ਿਲ੍ਹੇ ਵਿੱਚ ਕੋਵਿਡ-19 ਮਹਾਂਮਾਰੀ ਸਬੰਧੀ ਟੀਕਾਕਰਨ ਅਤੇ ਸੈਂਪਲਿੰਗ ਮੁਹਿੰਮ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋਰ ਤੇਜ਼ੀ ਲਿਆਂਦੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਸਿਹਤ ਵਿਭਾਗ ਦੇ ਸਹਿਯੋਗ ਨਾਲ ਤਰਨ ਤਾਰਨ ਵਿਖੇ ਵੱਖ ਵੱਖ ਥਾਵਾਂ ‘ਤੇ ਟੀਕਾਕਰਨ ਅਤੇ ਸੈਂਪਲਿੰਗ ਕੈਂਪ ਲਗਾਏ ਜਾ ਰਹੇ ਹਨ।
ਇਸ ਸਬੰਧੀ ਤਰਨ ਤਾਰਨ ਦੀਆਂ ਵੱਖ-ਵੱਖ ਵਪਾਰਿਕ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ ਮੀਟਿੰਗ ਕਰਦਿਆਂ ਉਹਨਾਂ ਦੱਸਿਆ ਕਿ 01 ਮਈ ਨੂੰ ਨਗਰ ਕੌਂਸਲ ਦਫ਼ਤਰ ਤਰਨ ਤਾਰਨ ਵਿਖੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਵਿਸ਼ੇਸ ਵੈਕਸੀਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਜ਼ਿਲ੍ਹੇ ਦੇ ਵੱਧ ਤੋਂ ਵੱਧ ਲੋਕਾਂ ਨੂੰ ਕੋਵਿਡ ਵੈਕਸੀਨ ਲਗਵਾਉਣ ਦੀ ਅਪੀਲ ਕਰਦਿਆਂ ਸ੍ਰੀ ਰਜਨੀਸ਼ ਅਰੋੜਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦਾ ਪ੍ਰਭਾਵ ਬਹੁਤ ਵੱਧਦਾ ਜਾ ਰਿਹਾ ਹੈ, ਇਸ ਤੋਂ ਬਚਣ ਲਈ ਸਾਨੂੰ ਸਾਵਧਾਨੀਆਂ ਰੱਖਣ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ।
ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਕਰੋਨਾ ਵਇਰਸ ਤੋਂ ਬਚਣ ਦੀ ਲੋੜ ਹੈ ਅਤੇ ਇਸ ਲਈ ਕੋਵਿਡ-19 ਸਬੰਧੀ ਜਾਂਚ ਅਤੇ ਟੀਕਾਕਰਨ ਕਰਵਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸਾਨੂੰ ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਮਾਸਕ ਪਾਉਣਾ ਚਾਹੀਦਾ ਹੈ।