ਡੀ.ਸੀ. ਵੱਲੋਂ ਗਿਆਸਪੁਰਾ ਇਲਾਕੇ ਵਿੱਚ ਆਕਸੀਜਨ ਉਤਪਾਦਨ ਪਲਾਂਟ ਦਾ ਕੀਤਾ ਨਿਰੀਖਣ

ਨਿਊਜ਼ ਪੰਜਾਬ 

ਲੁਧਿਆਣਾ, 26 ਅਪ੍ਰੈਲ  – ਹਸਪਤਾਲਾਂ ਵਿੱਚ ਕੋਵਿਡ ਦੇ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਆਕਸੀਜਨ ਗੈਸ ਦੀ ਵੱਧ ਰਹੀ ਮੰਗ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਲੁਧਿਆਣਾ ਸ਼ਹਿਰ ਦੇ ਗਿਆਸਪੁਰਾ ਇਲਾਕੇ ਵਿੱਚ ਇੱਕ ਆਕਸੀਜਨ ਉਤਪਾਦਨ ਪਲਾਂਟ ਦਾ ਨਿਰੀਖਣ ਕੀਤਾ।

ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਨੋਡਲ ਅਫਸਰ ਕੋਵਿਡ-19 ਸ੍ਰੀ ਸੰਦੀਪ ਕੁਮਾਰ, ਡੀ.ਡੀ.ਐਲ.ਜੀ-ਕਮ-ਨੋਡਲ ਅਫਸਰ ਆਕਸੀਜਨ ਅਮਿਤ ਬੈਂਬੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਆਕਸੀਜ਼ਨ ਪਲਾਂਟ ਦੇ ਮਾਲਕਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਕਿ ਕੋਵਿਡ ਕੇਅਰ ਸੈਂਟਰਾਂ ਵਿਖੇ ਕੋਵਿਡ ਨਾਲ ਨਜਿੱਠਣ ਲਈ ਗੈਰ-ਕੋਵਿਡ ਹਸਪਤਾਲਾਂ ਅਤੇ ਕਿਸੇ ਵੀ ਕਿਸਮ ਦੇ ਉਦਯੋਗਾਂ ਨੂੰ ਆਕਸੀਜਨ ਦੀ ਕੋਈ ਸਪਲਾਈ ਨਾ ਕੀਤੀ ਜਾਵੇ। ਸ੍ਰੀ ਸ਼ਰਮਾ ਨੇ ਆਕਸੀਜਨ ਗੈਸ ਦੀਆਂ ਸਥਾਨਕ ਜ਼ਰੂਰਤਾਂ ਪੂਰੀਆਂ ਕਰਨ ਲਈ ਪਲਾਂਟ ਪੱਧਰ ‘ਤੇ ਉਤਪਾਦਨ ਨੂੰ ਹੋਰ ਵਧਾਉਣ ‘ਤੇ ਵੀ ਜ਼ੋਰ ਦਿੱਤਾ।

ਡਿਪਟੀ ਕਮਿਸ਼ਨਰ ਨੇ ਅੱਗੇ ਸਾਰੇ ਉਦਯੋਗਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖਾਲੀ ਜਾਂ ਭਰੇ ਆਕਸੀਜਨ ਸਿਲੰਡਰ ਤੁਰੰਤ ਇਨ੍ਹਾਂ ਪਲਾਂਟਾ ਨੂੰ ਸੌਂਪਣ ਕਿਉਂਕਿ ਆਕਸੀਜਨ ਗੈਸ ਭਰਨ ਲਈ ਲੋੜੀਂਦੇ ਹਨ ਤਾਂ ਜੋ ਉਹ ਕੋਵਿਡ-19 ਬਿਮਾਰੀ ਨਾਲ ਲੜ ਰਹੇ ਅਨੇਕਾਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਹਸਪਤਾਲਾਂ ਵਿੱਚ ਮੁਹੱਈਆ ਕਰਵਾਏ ਜਾ ਸਕਣ।

ਡਿਪਟੀ ਕਮਿਸ਼ਨਰ ਵੱਲੋਂ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਐਕਟ 2005 ਅਤੇ ਮਹਾਂਮਾਰੀ ਰੋਗ ਐਕਟ-1897 ਦੇ ਤਹਿਤ ਆਦੇਸ਼ ਵੀ ਜਾਰੀ ਕੀਤੇ ਹਨ ਅਤੇ ਸਾਰੇ ਉਦਯੋਗਾਂ ਅਤੇ ਗੈਰ-ਕੋਵਿਡ ਹਸਪਤਾਲਾਂ ਨੂੰ ਆਪਣੇ ਖਾਲੀ ਆਕਸੀਜਨ ਸਿਲੰਡਰਾਂ ਨੂੰ ਤੁਰੰਤ ਪ੍ਰਭਾਵ ਨਾਲ ਆਕਸੀਜਨ ਪੈਦਾ ਕਰਨ ਵਾਲੇ ਪਲਾਂਟਾ ਨੂੰ ਵਾਪਸ ਕਰਨ ਲਈ ਨਿਰਦੇਸ਼ ਦਿੱਤੇ ਹਨ ਤਾਂ ਜੋ ਸਥਾਨਕ ਪੱਧਰ ‘ਤੇ ਹਸਪਤਾਲਾਂ ਦੀਆਂ ਜਰੂ{ਰਤਾਂ ਪੂਰੀਆਂ ਕੀਤੀਆਂ ਜਾ ਸਕਣ।

ਇਸ ਤੋਂ ਇਲਾਵਾ, ਉਨ੍ਹਾਂ ਇਹ ਵੀ ਆਦੇਸ਼ ਦਿੱਤਾ ਕਿ ਕੋਈ ਵੀ ਆਕਸੀਜਨ ਸਪਲਾਇਰ ਗੈਰ-ਕੋਵਿਡ ਹਸਪਤਾਲਾਂ  /ਕੋਈ ਉਦਯੋਗ/ਵਿਅਕਤੀਗਤ ਨੂੰ ਮੈਡੀਕਲ ਓ2 ਦੀ ਸਪਲਾਈ ਨਹੀਂ ਕਰੇਗਾ, ਉਨ੍ਹਾਂ ਇਹ ਵੀ ਕਿਹਾ ਕਿ ਆਕਸੀਜਨ ਸਪਲਾਇਰ ਨੋਡਲ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕਰਕੇ ਸਿਰਫ ਕੋਵਿਡ ਹਸਪਤਾਲਾਂ ਨੂੰ ਮੈਡੀਕਲ ਆਕਸੀਜਨ ਦੀ ਸਪਲਾਈ ਕਰਨਗੇ। ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਐਨ.ਡੀ.ਐਮ. ਐਕਟ, 2005 ਅਤੇ ਮਹਾਂਮਾਰੀ ਰੋਗ ਐਕਟ, 1897 ਦੇ ਤਹਿਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ।