ਸੂਬਾ ਸਰਕਾਰ ਪੱਛੜੀਆਂ ਸ਼੍ਰੇਣੀਆਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਵਚਨਬੱਧ – ਉਪ-ਚੇਅਰਮੈਨ ਮੁਹੰਮਦ ਗੁਲਾਬ
ਨਿਊਜ਼ ਪੰਜਾਬ
ਲੁਧਿਆਣਾ, 20 ਅਪ੍ਰੈਲ – ਬੈਕਫਿੰਕੋ ਦੇ ਉਪ-ਚੇਅਰਮੈਨ ਮੁਹੰਮਦ ਗੁਲਾਬ ਵਲੋ ਅੱਜ ਲੁਧਿਆਣਾ ਵਿਖੇ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਵਿਅਕਤੀਆਂ ਨੂੰ ਕਾਰਪੋਰੇਸਨ ਵਲੋਂ ਚਲਾਈਆਂ ਜਾ ਰਹੀਆਂ ਸਵੈ-ਰੋਜ਼ਗਾਰ ਸਕੀਮਾਂ ਬਾਰੇ ਜਾਣਕਾਰੀ ਦੇਣ ਲਈ ਪ੍ਰੈਸ ਕਾਨਫਰੰਸ ਆਯੋਜਿਤ ਕੀਤੀ ਗਈ।
ਉਪ-ਚੇਅਰਮੈਨ ਨੂੰ ਗੱਲਬਾਤ ਦੌਰਾਨ ਦੱਸਿਆ ਕਿ ਬੈਕਫਿੰਕੋ ਵਲੋਂ ਸਾਲ 2020-21 ਦੌਰਾਨ ਐਨ.ਬੀ.ਸੀ. ਸਕੀਮ ਅਧੀਨ 751 ਲਾਭਪਾਤਰੀਆਂ ਨੂੰ 1127.75 ਲੱਖ ਰੁਪਏ ਦਾ ਕਰਜਾ ਵੰਡਣ ਦਾ ਟੀਚਾ ਨਿਸਚਿਤ ਕੀਤਾ ਗਿਆ ਸੀ, ਜਿਸਦੇ ਤਹਿਤ 31 ਮਾਰਚ, 2021 ਤੱਕ 436 ਲਾਭਪਾਤਰੀਆਂ ਨੂੰ 752.84 ਲੱਖ ਰੁਪਏ ਦੇ ਕਰਜੇ ਵੰਡੇ ਜਾ ਚੁੱਕੇ ਹਨ। ਜਿਲਾ ਲੁਧਿਆਣਾ ਲਈ ਸਾਲ 2020-21 ਦੌਰਾਨ ਪਛੜੀਆਂ ਸ਼੍ਰੇਣੀਆਂ ਦੇ 51 ਲਾਭਪਾਤਰੀਆਂ ਨੂੰ 75.77 ਲੱਖ ਰੁਪਏ ਕਰਜੇ ਵੰਡਣ ਦਾ ਟੀਚਾ ਰੱਖਿਆ ਗਿਆ, ਜਿਸ ਦੇ ਵਿਰੁੱਧ 25 ਲਾਭਪਾਤਰੀਆਂ ਨੂੰ 48.07 ਲੱਖ ਰੁਪਏ ਦੇ ਕਰਜ਼ੇ ਵੰਡੇ ਗਏ ਹਨ.
ਜ਼ਿਕਰਯੋਗ ਹੈ ਕਿ ਪੰਜਾਬ ਪਛੜੀਆਂ ਸ਼੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸਨ (ਬੈਕਫਿੰਕੋ) ਪੰਜਾਬ ਸਰਕਾਰ ਦਾ ਅਦਾਰਾ ਹੈ ਜੋ ਕਿ ਰਾਸਟਰੀ ਪਛੜੀਆਂ ਸ਼੍ਰੇਣੀਆਂ ਵਿੱਤ ਤੇ ਵਿਕਾਸ ਕਾਰਪੋਰੇਸਨ (ਐਨ.ਬੀ.ਸੀ.ਐਫ.ਡੀ.ਸੀ) ਦੇ ਸਹਿਯੋਗ ਨਾਲ ਪੰਜਾਬ ਸਰਕਾਰ ਵਲੋ ਘੋਸਿਤ ਪਛੜੀਆਂ ਸ਼੍ਰੇਣੀਆਂ ਦੇ ਨਾਲ ਸਬੰਧਤ ਟਾਰਗਟ ਗਰੁੱਪ ਦੇ ਵਿਅਕਤੀਆਂ ਨੂੰ ਘੱਟ ਵਿਆਜ ਦੀ ਦਰ ‘ਤੇ ਕਰਜੇ ਮੁਹੱਈਆਂ ਕਰਵਾਉਦੇ ਹੋਏ ਸਵੈ- ਰੋਜ਼ਗਾਰ ਮੁਹੱਈਆ ਕਰਵਾਉਂਦੀ ਹੈ। ਬੈਕਫਿਕੋ ਪੰਜਾਬ ਸਰਕਾਰ ਦੀ ਨੋਡਲ ਏਜੰਸੀ ਵਜੋ ਰਾਸ਼ਟਰੀ ਪਛੜੀਆਂ ਸ਼੍ਰੇਣੀਆਂ ਵਿਕਾਸ ਕਾਰਪੋਰੇਸ਼ਨ (ਐਨ.ਬੀ.ਸੀ.ਐਫ.ਡੀ.ਸੀ) ਦੀਆਂ ਕਰਜ਼ਾ ਸਕੀਮਾਂ ਪੰਜਾਬ ਰਾਜ ਵਿੱਚ ਚਲਾ ਰਹੀ ਹੈ.
ਕਾਰਪੋਰੇਸਨ ਵਲੋਂ ਤਕਰੀਬਨ ਹਰ ਤਰ੍ਹਾਂ ਦੇ ਧੰਦੇ ਲਈ ਜਿਨ੍ਹਾਂ ਵਿੱਚ ਖਾਸ ਤੌਰ ਤੇ ਡੇਅਰੀ ਫਾਰਮਿੰਗ, ਸ਼ਹਿਦ ਦੀਆਂ ਮੱਖੀਆਂ ਪਾਲਣ ਲਈ, ਸਬਜੀਆਂ ਉਗਾਉਣ ਲਈ, ਕਰਿਆਨਾ, ਜਨਰਲ ਸਟੋਰ ਅਤੇ ਛੋਟੇ ਮੋਟੀ ਦੁਕਾਨਦਾਰੀ ਲਈ ਕਰਜੇ ਦਿੱਤੇ ਜਾਂਦੇ ਹਨ, ਜਿਹਨਾਂ ਲਈ ਵਿਆਜ ਦੀ ਦਰ 6% ਸਲਾਨਾ ਹੈ।
ਇਸ ਤੋਂ ਇਲਾਵਾ ਟੈਕਨੀਕਲ ਅਤੇ ਪ੍ਰੋਫੈਸ਼ਨਲ ਕੋਰਸਾਂ ਲਈ ਪੜ੍ਹਾਈ ਕਰਨ ਵਾਸਤੇ ਕਰਜੇ ਮੁਹੱਈਆ ਕਰਵਾਏ ਜਾਂਦੇ ਹਨ, ਜਿਨਾਂ ‘ਤੇ ਵਿਆਜ ਦੀ ਦਰ 3% ਤੋਂ 4% ਸਲਾਨਾ ਮਿੱਥੀ ਗਈ ਹੈ। ਕਰਜਾ ਕਾਰਪੋਰੇਸ਼ਨ ਵਲੋਂ ਹਰ ਧੰਦੇ ਲਈ ਪ੍ਰੋਜੈਕਟ ਦੀ ਲਾਗਤ ਨੂੰ ਧਿਆਨ ਵਿੱਚ ਰੱਖ ਕੇ ਕਰਜ਼ਾ ਦਿੱਤਾ ਜਾਂਦਾ ਹੈ। ਪੜ੍ਹਾਈ ਦੇ ਕੋਰਸਾਂ ਲਈ ਜੋ ਕੁੱਲ ਖਰਚਾ ਹੁੰਦਾ ਹੈ, ਉਸ ਦਾ ਵੀ 95% ਦੀ ਹੱਦ ਤੱਕ ਕਰਜਾ ਵੀ ਘੱਟ ਵਿਆਜ ਦਰ ‘ਤੇ ਮੁਹੱਈਆ ਕਰਵਾਇਆ ਜਾਂਦਾ ਹੈ।
ਕਾਰਪੋਰੇਸ਼ਨ ਵਲੋਂ ਵੱਖ-ਵੱਖ ਕਰਜ਼ਾ ਸਕੀਮਾਂ ਤਹਿਤ 31 ਮਾਰਚ, 2021 ਤੱਕ 161139 ਲਾਭਪਾਤਰੀਆਂ ਨੂੰ 26845.86 ਲੱਖ ਰੁਪਏ ਦੇ ਕਰਜੇ ਮੁਹੱਈਆ ਕਰਵਾਏ ਜਾ ਚੁੱਕੇ ਹਨ। ਲੋਕਾਂ ਦੀ ਜਾਣਕਾਰੀ ਲਈ ਸਰਕਾਰ ਦੀ ਨੀਤੀ ਅਨੁਸਾਰ ਅੱਜ ਦਾ ਆਯੋਜਿਤ ਪ੍ਰੋਗਰਾਮ ਸਕੀਮਾਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ ਸਹਾਈ ਹੋਵੇਗਾ ਅਤੇ ਟਾਰਗਟ ਗਰੁੱਪ ਦੇ ਵਿਅਕਤੀ ਸਕੀਮਾਂ ਦਾ ਲਾਹਾ ਵੀ ਲੈ ਸਕਣਗੇ ।