ਜਸਟਿਸ ਰਾਜਨ ਗੁਪਤਾ ਨੇ ਜ਼ਿਲ੍ਹਾ ਕਚਹਿਰੀਆਂ ‘ਚ ਨਵੇਂ ਬਣੇ ਡੀ ਸਟ੍ਰੈੱਸ ਕੇਂਦਰ ਦਾ ਕੀਤਾ ਉਦਘਾਟਨ
ਨਿਊਜ਼ ਪੰਜਾਬ
ਪਟਿਆਲਾ, 10 ਅਪ੍ਰੈਲ:
ਪਟਿਆਲਾ ਸੈਸ਼ਨਜ਼ ਡਵੀਜ਼ਨ ਦੇ ਪ੍ਰਸ਼ਾਸਕੀ ਜੱਜ, ਜਸਟਿਸ ਰਾਜਨ ਗੁਪਤਾ (ਮਾਣਯੋਗ ਜੱਜ, ਪੰਜਾਬ ਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ) ਵੱਲੋਂ ਅੱਜ ਜ਼ਿਲ੍ਹਾ ਕਚਹਿਰੀਆਂ ਪਟਿਆਲਾ ਵਿਖੇ ਬਣਾਏ ਗਏ ਨਵੇਂ ਡੀ ਸਟ੍ਰੈੱਸ ਕੇਂਦਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਰਾਜਿੰਦਰ ਅਗਰਵਾਲ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐੱਸ.ਐੱਸ.ਪੀ ਵਿਕਰਮਜੀਤ ਦੁੱਗਲ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ, ਸੀ.ਜੇ.ਐਮ ਪਰਮਿੰਦਰ ਕੌਰ ਅਤੇ ਹੋਰ ਨਿਆਇਕ ਅਧਿਕਾਰੀ ਮੌਜੂਦ ਸਨ।
ਇਸ ਮੌਕੇ ਜਸਟਿਸ ਰਾਜਨ ਗੁਪਤਾ ਨੇ ਨਿਆਇਕ ਅਫ਼ਸਰਾਂ (ਜੱਜਾਂ) ਲਈ ਤਜਰਬੇ ਦੇ ਤੌਰ ‘ਤੇ ਸ਼ੁਰੂ ਕੀਤੇ ਗਏ ਡੀ ਸਟ੍ਰੈੱਸ ਕੇਂਦਰ ਸਬੰਧੀ ਗੱਲ ਕਰਦਿਆ ਕਿਹਾ ਕਿ ਇਹ ਕੇਂਦਰ ਨਿਆਇਕ ਅਧਿਕਾਰੀਆਂ (ਜੱਜਾਂ) ਨੂੰ ਆਪਣੇ ਦਿਨ ਭਰ ਦੇ ਅਦਾਲਤੀ ਰੁਝੇਵੇਂ ਦੌਰਾਨ ਤਣਾਅ ਮੁਕਤ ਰੱਖਣ ‘ਚ ਮਦਦਗਾਰ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਕੱਲ ਹਰੇਕ ਸੰਸਥਾ ‘ਚ ਅਧਿਕਾਰੀਆਂ ਨੂੰ ਲੰਮਾ ਸਮਾਂ ਕੰਮ ਕਰਨਾ ਪੈਦਾ ਹੈ ਅਤੇ ਜੇਕਰ ਅਜਿਹੇ ਡੀ ਸਟ੍ਰੈੱਸ ਕੇਂਦਰ ‘ਚ ਉਹ ਸਮਾਂ ਗੁਜ਼ਾਰਨਗੇ ਤਾਂ ਉਨ੍ਹਾਂ ਦੇ ਕੰਮ ਦੀ ਕੁਸ਼ਲਤਾ ਹੋਰ ਵਧੇਗੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਚਹਿਰੀਆਂ ਦੀ ਛੇਵੀਂ ਮੰਜ਼ਿਲ ਦੇ ਬਣਾਏ ਗਏ ਇਸ ‘ਡੀ ਸਟ੍ਰੈੱਸ ਸੈਂਟਰ’ ਵਿੱਚ ਅੰਦਰੂਨੀ ਖੇਡ ਗਤੀਵਿਧੀਆਂ ਜਿਵੇਂ ਕਿ ਟੇਬਲ ਟੈਨਿਸ, ਸ਼ਤਰੰਜ ਤੇ ਕੈਰਮ ਬੋਰਡ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਨਿਆਇਕ ਅਧਿਕਾਰੀਆਂ ਨੂੰ ਦਿਨ ਭਰ ਦੇ ਰੁਝੇਵਿਆਂ ਤੋਂ ਬਾਅਦ ਤਣਾਅ ਮੁਕਤ ਕਰਨ ‘ਚ ਸਹਾਈ ਹੋਵੇਗਾ।
ਇਸ ਉਪਰੰਤ ਉਨ੍ਹਾਂ ਅੱਜ ਜ਼ਿਲ੍ਹਾ ਕਚਹਿਰੀਆਂ ਵਿਖੇ ਕੋਵਿਡ ਟੀਕਾਕਰਣ ਕੈਂਪ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਕੋਵਿਡ ਤੋਂ ਬਚਾਅ ਲਈ ਹਰੇਕ ਯੋਗ ਵਿਅਕਤੀ ਨੂੰ ਆਪਣਾ ਟੀਕਾਕਰਣ ਜ਼ਰੂਰ ਕਰਵਾਉਣਾ ਚਾਹੀਦਾ ਹੈ ਤਾਂ ਜੋ ਇਸ ਮਹਾਂਮਾਰੀ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਟੀਕਾਕਰਣ ਦੇ ਨਾਲ ਨਾਲ ਕੋਵਿਡ ਤੋਂ ਬਚਾਅ ਲਈ ਮਾਸਕ ਦੀ ਵਰਤੋਂ, ਹੱਥਾਂ ਨੂੰ ਸੈਨੇਟਾਈਜ਼ ਕਰਨ ਅਤੇ ਸਮਾਜਿਕ ਦੂਰੀ ਦੀ ਨਿਯਮਾਂ ਦੀ ਪਾਲਣਾ ਕਰਨਾ ਯਕੀਨੀ ਬਣਾਇਆ ਜਾਵੇ।
ਕੈਪਸ਼ਨ : ਜਸਟਿਸ ਰਾਜਨ ਗੁਪਤਾ ਜ਼ਿਲ੍ਹਾ ਕਚਹਿਰੀਆਂ ਵਿਖੇ ਬਣਾਏ ਗਏ ਡੀ ਸਟ੍ਰੈੱਸ ਕੇਂਦਰ ਦਾ ਉਦਘਾਟਨ ਕਰਦੇ ਹੋਏ, ਉਨ੍ਹਾਂ ਦੇ ਨਾਲ ਜ਼ਿਲ੍ਹਾ ਤੇ ਸ਼ੈਸ਼ਨਜ਼ ਜੱਜ ਰਾਜਿੰਦਰ ਅਗਰਵਾਲ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐੱਸ.ਐੱਸ.ਪੀ ਵਿਕਰਮਜੀਤ ਦੁੱਗਲ ਵੀ ਨਜ਼ਰ ਆ ਰਹੇ ਹਨ।