ਬਿੰਦਰਾ ਵੱਲੋਂ ਅੱਜ ਦੋ ਟੀਕਾਕਰਨ ਕੈਂਪਾਂ ਦਾ ਉਦਘਾਟਨ

ਨਿਊਜ਼ ਪੰਜਾਬ 

ਲੁਧਿਆਣਾ, 31 ਮਾਰਚ  – ਪੰਜਾਬ ਯੂਥ ਡਿਵੈਲਪਮੈਂਟ ਬੋਰਡ(ਪੀ.ਵਾਈ.ਡੀ.ਬੀ) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਅੱਜ ਸਥਾਨਕ ਗੁਰਦੁਆਰਾ ਰੇੜੂ ਸਾਹਿਬ ਅਤੇ ਸਾਹਨੇਵਾਲ ਵਿੱਚ 33 ਫੁੱਟਾ ਰੋਡ ‘ਤੇ ਦੋ ਟੀਕਾਕਰਨ ਕੈਂਪਾਂ ਦਾ ਉਦਘਾਟਨ ਕੀਤਾ।
ਜ਼ਿਲ੍ਹਾ ਪ੍ਰਸ਼ਾਸਨ ਦੀ ‘ਵੈਕਸੀਨੇਸ਼ਨ ਐਟ ਡੋਰਸਟੈਪਸ’ ਮੁਹਿੰਮ ਤਹਿਤ ਟੀਕਾਕਰਨ ਕੈਂਪਾਂ ਦੀ ਸ਼ੁਰੂਆਤ ਕਰਨ ਤੋਂ ਬਾਅਦ, ਸ੍ਰੀ ਬਿੰਦਰਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਯੋਗ ਵਿਅਕਤੀਆਂ ਨੂੰ ਕੋਵਿਡ ਵੈਕਸੀਨੇਸ਼ਨ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕਰ ਰਿਹਾ ਹੈ ਅਤੇ ਪੀ.ਵਾਈ.ਡੀ.ਬੀ. ਵੀ ਯੋਗ ਵਿਅਕਤੀਆਂ ਦੀ ਜਲਦ ਤੋਂ ਜਲਦ ਵੈਕਸੀਨੇਸ਼ਨ ਕਰਵਾਉਣ ਲਈ ਪੱਬਾਂ ਭਾਰ ਹੈ।
ਉਨ੍ਹਾਂ ਕਿਹਾ ਕਿ ਪੀ.ਵਾਈ.ਡੀ.ਬੀ. ਉਦਯੋਗਿਕ ਇਕਾਈਆਂ ਦੇ ਅੰਦਰ ਟੀਕਾਕਰਨ ਕੈਂਪ ਲਗਾਉਣ ਵਿਚ ਸਹਿਯੋਗ ਕਰੇਗਾ, ਤਾਂ ਜੋ ਮਜ਼ਦੂਰ ਅਤੇ ਸਾਰੇ ਤਰਜੀਹੀ ਸ਼੍ਰੇਣੀ ਉਮਰ ਵਰਗ ਦੇ ਵੈਕਸੀਨੇਸ਼ਨ ਕਰਵਾ ਸਕਣ।
ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਵੱਲੋਂ ਪਹਿਲਾਂ ਸੂਬੇ ਦੇ ਯੂਥ ਕਲੱਬਾਂ ਨੂੰ ਮੁਫਤ ਖੇਡ ਕਿੱਟਾਂ ਮੁਹੱਈਆ ਕਰਵਾ ਕੇ ਬੋਰਡ ਦਾ ਤਹਿਦਿਲੋਂ ਸਮਰਥਨ ਕੀਤਾ ਸੀ ਅਤੇ ਹੁਣ ਪੀ.ਵਾਈ.ਡੀ.ਬੀ. ਵੀ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਕਰੇਗਾ।
ਸ੍ਰੀ ਬਿੰਦਰਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬੇਝਿੱਜਕ ਅਤੇ ਬਿਨ੍ਹਾਂ ਕਿਸੇ ਡਰ ਦੇ ਅੱਗੇ ਆਉਣ ਅਤੇ ਵੈਕਸੀਨ ਲਗਵਾਉਣ। ਉਨ੍ਹਾਂ ਕਿਹਾ ਕਿ ਇਹ ਵੈਕਸੀਨ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ।
ਇਸ ਮੌਕੇ ਮਨਦੀਪ ਸਿੰਘ, ਹਰਮਿੰਦਰ ਕੁਮਾਰ, ਸਤਵਿੰਦਰ ਸਿੰਘ, ਕੁਲਵਿੰਦਰ ਸਿੰਘ ਕਾਲਾ, ਸੰਦੀਪ ਭਾਟੀਆ, ਮਨਜਿੰਦਰ ਸਿੰਘ, ਹਰਪ੍ਰੀਤ ਕੌਰ ਗਰੇਵਾਲ, ਹਰਜੀਤ ਕੌਰ, ਮਲਕੀਅਤ ਸਿੰਘ, ਪਰਮਜੀਤ ਸਿੰਘ, ਬਾਬਾ ਜੋਗਾ ਸਿੰਘ, ਕਮਲ ਸ਼ਰਮਾ, ਜਰਨੈਲ ਸਿੰਘ, ਹਰਵਿੰਦਰ ਕੁਮਾਰ ਪੱਪੀ, ਨਿਤਿਨ ਟੰਡਨ, ਹਰਦੀਪ ਮੁੰਡੀਆਂ, ਸੁਨੀਤਾ ਅਤੇ ਸੁਰਿੰਦਰ ਹਾਜ਼ਰ ਸਨ।