ਡੀ.ਸੀ. ਵੱਲੋਂ ਸਿਹਤ ਵਿਭਾਗ ਨੂੰ ਪਹਿਲੀ ਅਪ੍ਰੈਲ ਤੋਂ 200 ਕੋਵਿਡ-19 ਵੈਕਸੀਨੇਸ਼ਨ ਕੈਂਪ ਲਗਾਉਣ ਦੇ ਨਿਰਦੇਸ਼
ਨਿਊਜ਼ ਪੰਜਾਬ
ਲੁਧਿਆਣਾ, 30 ਮਾਰਚ (000) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਸਿਹਤ ਵਿਭਾਗ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ 1 ਅਪ੍ਰੈਲ, 2021 ਤੋਂ 200 ਟੀਕਾਕਰਣ ਕੈਂਪ ਲਗਾਏ ਜਾਣ।
ਡਿਪਟੀ ਕਮਿਸ਼ਨਰ ਵੱਲੋਂ ਟੀਕਾਕਰਨ ਕੈਂਪ ਦੇ ਉਦਘਾਟਨ ਤੋਂ ਬਾਅਦ, ਜੋ ਕਿ ਸ.ਓਂਕਾਰ ਸਿੰਘ ਪਾਹਵਾ ਵੱਲੋਂ ਅੱਜ ਏਵਨ ਸਾਈਕਲ ਵਿਖੇ ਲਗਾਇਆ ਗਿਆ ਹੈ, ਕਿਹਾ ਕਿ 1 ਅਪ੍ਰੈਲ, 2021 ਤੋਂ 45 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕ, ਸਹਿ-ਰੋਗ ਹੋਣ ਤੋਂ ਬਿਨਾਂ, ਕੋਡਿਵ-19 ਟੀਕਾਕਰਣ ਲਈ ਯੋਗ ਹੋਣਗੇ। ਉਨ੍ਹਾ ਦੱਸਿਆ ਕਿ ਮੌਜੂਦਾ ਸਮੇਂ ਸਿਰਫ 60 ਸਾਲ ਤੋਂ ਉਪਰ ਦੇ ਨਾਗਰਿਕ ਅਤੇ ਸਹਿ-ਰੋਗਾਂ ਵਾਲੇ 45 ਸਾਲ ਤੋਂ ਵੱਧ ਦੇ ਨਾਗਰਿਕਾਂ ਤੋਂ ਇਲਾਵਾ ਸਿਹਤ ਅਤੇ ਫਰੰਟਲਾਈਨ ਕਰਮਚਾਰੀਂ ਹੀ ਵੈਕਸੀਨੇਸ਼ਨ ਦੇ ਯੋਗ ਹਨ।
ਉਨ੍ਹਾਂ ਸਿਵਲ ਸਰਜਨ ਡਾ. ਸੁਖਜੀਵਨ ਕੱਕੜ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕਿਰਨ ਗਿੱਲ ਨੂੰ ਉਦਯੋਗਿਕ ਇਕਾਈਆਂ ਵਿੱਚ ਨਿੱਜੀ ਹਸਪਤਾਲਾਂ, ਆਈ.ਐਮ.ਏ. ਅਤੇ ਹੋਰ ਸਿਹਤ ਅਧਿਕਾਰੀਆਂ ਨਾਲ ਰਾਬਤਾ ਕਰਨ ਲਈ ਕਿਹਾ ਤਾਂ ਜੋ ਕੋਵਿਡ ਕੈਂਪ ਲਈ ਲੋੜੀਂਦੀਆਂ ਰਸਮਾਂ ਅਤੇ ਟੀਕਾਕਰਨ ਦੀ ਸਿਖਲਾਈ ਵੀ ਦਿੱਤੀ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਸਾਰੇ ਭਾਗੀਦਾਰਾਂ ਨਾਲ ਵਿਸਤ੍ਰਿਤ ਯੋਜਨਾਬੰਦੀ ਰਾਹੀਂ 200 ਕੈਂਪਾਂ ਦੀ ਪੂਰੀ ਸਮਾਂ-ਸੂਚੀ ਭੇਜੀ ਜਾਵੇ ਤਾਂ ਜੋ ਇਨ੍ਹਾਂ ਕੈਂਪਾਂ ਰਾਹੀਂ ਵੱਧ ਤੋਂ ਵੱਧ ਯੋਗ ਵਿਅਕਤੀਆਂ ਦੀ ਜਲਦ ਵੈਕਸੀਨੇਸ਼ਨ ਕੀਤੀ ਜਾ ਸਕੇ।
ਸ੍ਰੀ ਸ਼ਰਮਾ ਨੇ ਕਿਹਾ ‘ਵੈਕਸੀਨੇਸ਼ਨ ਐਟ ਡੋਰਸਟੈਪਸ’ ਮੁਹਿੰਮ ਨੂੰ ਇਲਾਕਾ ਨਿਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈੈ, ਇਸ ਲਈ 1 ਅਪ੍ਰੈਲ, 2021 ਤੋਂ 200 ਕੈਂਪ ਲਗਾ ਕੇ ਵੈਕਸੀਨੇਸ਼ਨ ਵਿੱਚ ਤੇਜ਼ੀ ਲਿਆਂਦੀ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਨੂੰ ਲਾਭ ਮਿਲ ਸਕੇ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੋਵਿਡ ਵਿਰੁੱਧ ਸਾਨੂੰ ਇਸ ਮੁਹਿੰਮ ਨੂੰ ਜਨਤਕ ਲਹਿਰ ਬਣਾਉਣ ਦੀ ਲੋੜ ਹੈ, ਜਿਸ ਲਈ ਵੱਡੀ ਗਿਣਤੀ ਵਿਚ ਯੋਗ ਵਿਅਕਤੀਆਂ ਨੂੰ ਕੈਂਪਾਂ ਵਿੱਚ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ ਤਾਂ ਜੋ ਇਸ ਮਹਾਂਮਾਰੀ ਦੀ ਚੇਨ ਨੂੰ ਤੋੜਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਯੋਗ ਵਿਅਕਤੀ ਨੂੰ ਦੇਸ਼ ਪ੍ਰਤੀ ਆਪਣਾ ਫਰਜ਼ ਸਮਝਦਿਆਂ ਵੈਕਸੀਨੇਸ਼ਨ ਕਰਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਸੋਸ਼ਲ ਮੀਡੀਆਂ ‘ਤੇ ਫੈਲੀਆਂ ਝੁੱਠੀਆਂ ਅਫਵਾਹਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਹਫ਼ਤੇ ਦੇ ਸਾਰੇ 7 ਦਿਨ ਸਰਕਾਰੀ ਸਿਹਤ ਹਸਪਤਾਲਾਂ ਤੇ ਸਿਹਤ ਕੇਂਦਰਾਂ ‘ਤੇ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈੈ। ਨਿੱਜੀ ਹਸਪਤਾਲਾਂ ਲਈ ਸਰਕਾਰ ਨੇ ਟੀਕੇ ਦੀ ਹਰੇਕ ਖੁਰਾਕ ਲਈ ਵੱਧ ਤੋਂ ਵੱਧ 250 ਰੁਪਏ ਫੀਸ ਤੈਅ ਕੀਤੀ ਹੈ।
ਏਵਨ ਸਾਈਕਲਜ਼ ਵਿਖੇ ਕੈਂਪ ਦੌਰਾਨ, ਵੈਕਸੀਨੇਸ਼ਨ ਕਰਵਾਉਣ ਵਾਲੇ ਕਰਮਚਾਰੀਆਂ ਤੋਂ ਇਕ ਪ੍ਰਣ ਲਿਆ ਕਿ ਉਹ ਆਪਣੇ ਪਰਿਵਾਰ ਅਤੇ ਸੁਸਾਇਟੀ ਵਿਚ ਟੀਕੇ ਦੀ ਮਹੱਤਤਾ ਬਾਰੇ ਜਾਗਰਕੂ ਕਰਨਗੇ ਜੋ ਇਸ ਮਹਾਂਮਾਰੀ ਦੀ ਲਾਗ ਨੂੰ ਘਟਾਉਣ ਵਿਚ ਬਹੁਤ ਜ਼ਿਆਦਾ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ।