ਪੰਜਾਬ ਨੂੰ ਛੇਤੀ ਮਿਲੇਗਾ ਉਲੰਪਿਕ ਪੱਧਰ ਦਾ ਮੁੱਖ ਹਾਕੀ ਕੋਚ: ਰਾਣਾ ਗੁਰਮੀਤ ਸਿੰਘ ਸੋਢੀ

ਨਿਊਜ਼ ਪੰਜਾਬ 
ਚੰਡੀਗੜ੍ਹ, 24 ਮਾਰਚ:
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਐਲਾਨ ਕੀਤਾ ਕਿ ਸੂਬੇ ਵਿੱਚ ਹਾਕੀ ਖੇਡ ਨੂੰ ਹੇਠਲੀ ਪੱਧਰ ਤੱਕ ਪ੍ਰਫੁੱਲਤ ਕਰਨ ਲਈ ਛੇਤੀ ਹੀ ਉਲੰਪਿਕ ਪੱਧਰ ਦੇ ਖਿਡਾਰੀ ਦੀ ਬਤੌਰ ਮੁੁੱਖ ਹਾਕੀ ਕੋਚ ਨਿਯੁਕਤੀ ਕੀਤੀ ਜਾਵੇਗੀ।
ਖੇਡ ਮੰਤਰੀ ਨੇ ਇਹ ਇੰਕਸ਼ਾਫ਼ ਸੁਰਜੀਤ ਹਾਕੀ ਸੁਸਾਇਟੀ ਦੇ ਅਹੁਦੇਦਾਰਾਂ ਨਾਲ ਮੁਲਾਕਾਤ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਵਿੱਚ ਹਾਕੀ ਦੇ ਉਭਰਦੇ ਖਿਡਾਰੀਆਂ ਦੀ ਖੇਡ ਨੂੰ ਹੋਰ ਤਰਾਸ਼ਣ ਲਈ ਵੱਡੀ ਪੱਧਰ `ਤੇ ਹੰਭਲੇ ਮਾਰ ਰਹੀ ਹੈ ਜਿਸ ਤਹਿਤ ਕੌਮਾਂਤਰੀ ਪਿੜ ਵਿੱਚ ਆਪਣੀ ਖੇਡ ਦਾ ਲੋਹਾ ਮੰਨਵਾ ਚੁੱਕੇ ਕਿਸੇ ਪ੍ਰਸਿੱਧ ਉਲੰਪਿਅਨ ਦੀਆਂ ਸੇਵਾਵਾਂ ਲੈਣ ਸਬੰਧੀ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਉਲੰਪਿਕ ਪੱਧਰ ਦਾ ਖਿਡਾਰੀ ਸੂਬੇ ਦੇ ਹਾਕੀ ਖਿਡਾਰੀਆਂ ਨੂੰ ਸਿਖਲਾਈ ਦਿੰਦਾ ਨਜ਼ਰ ਆਵੇਗਾ।
ਰਾਣਾ ਸੋਢੀ ਨੇ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਵਿਖੇ 14 ਤੇ 19 ਸਾਲ ਉਮਰ ਦੇ ਹਾਕੀ ਖਿਡਾਰੀਆਂ ਦੀ ਸ਼ੁਰੂ ਕੀਤੀ ਸੁਰਜੀਤ ਹਾਕੀ ਅਕੈਡਮੀ ਦੀ ਕਾਰਗੁਜ਼ਾਰੀ `ਤੇ ਸੰਤੁਸ਼ਟ ਦਾ ਪ੍ਰਗਟਾਵਾ ਕਰਦਿਆਂ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਤੇ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਦੀ ਅਗਵਾਈ ਵਿੱਚ ਅਕਾਦਮੀ ਵੱਲੋਂ ਕੀਤੀਆਂ ਪ੍ਰਾਪਤੀਆਂ ਦੀ ਸ਼ਲਾਘਾ ਵੀ ਕੀਤੀ।
ਉਨ੍ਹਾਂ ਅਕੈਡਮੀ ਨੂੰ ਸਾਲ 2021-22 ਲਈ 36 ਸੀਟਾਂ (18 ਲੜਕੇ ਤੇ 18 ਲੜਕੀਆਂ) ਦਾ ਡੇਅ-ਸਕਾਲਰ ਹਾਕੀ ਵਿੰਗ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਅਕੈਡਮੀ ਨੂੰ 200 ਹਾਕੀਆਂ, 200 ਬਾਲ ਅਤੇ 2 ਗੋਲਕੀਪਰ ਕਿੱਟਾਂ ਦੇ ਦੇਣ ਦੀ ਪ੍ਰਵਾਨਗੀ ਦੇ ਹੁਕਮ ਵੀ ਜਾਰੀ ਕੀਤੇ। ਇਸ ਮੌਕੇ ਸੁਰਜੀਤ ਹਾਕੀ ਸੁਸਾਇਟੀ ਦੇ ਚੀਫ ਪੀ. ਆਰ.ਓ. ਸੁਰਿੰਦਰ ਸਿੰਘ, ਜੁਆਇੰਟ ਸਕੱਤਰ ਰਣਬੀਰ  ਸਿੰਘ ਰਾਣਾ ਟੁੱਟ ਅਤੇ ਸਕੱਤਰ ਇਕਬਾਲ ਸਿੰਘ ਸੰਧੂ ਆਦਿ ਹਾਜ਼ਰ ਸਨ।