ਪੰਜਾਬ ਸਰਕਾਰ ਸੂਬੇ ਦੀ ਜਵਾਨੀ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਅਤੇ ਸਰਗਰਮ ਕਰਨ ਲਈ ਵਚਨਬੱਧ – ਚੇਅਰਪਰਸਨ ਸੁਖਵਿੰਦਰ ਸਿੰਘ ਬਿੰਦਰਾ
ਨਿਊਜ਼ ਪੰਜਾਬ
ਲੁਧਿਆਣਾ, 05 ਮਾਰਚ ਪੰਜਾਬ ਸਰਕਾਰ ਰਾਜ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਹ ਵਿਚਾਰ ਪੰਜਾਬ ਯੁਵਕ ਵਿਕਾਸ ਬੋਰਡ (ਪੰਜਾਬ ਸਰਕਾਰ) ਦੇ ਚੇਅਰਪਰਸਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਅੱਜ ਇੱਕ ਸਲਾਨਾ ਸਮਾਗਮ ਵਿੱਚ ਪ੍ਰਗਟ ਕੀਤੇ। ਲੁਧਿਆਣਾ ਦੇ ਸ਼ਤੀਸ਼ ਚੰਦਰ ਧਵਨ ਸਰਕਾਰੀ ਕਾਲਜ ਵਿਖੇ ਕਰਵਾਏ ਗਏ ਸਲਾਨਾ ਸਮਾਰੋਹ ਵਿੱਚ ਚੇਅਰਪਰਸਨ ਸੁਖਵਿੰਦਰ ਸਿੰਘ ਬਿੰਦਰਾ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।
ਚੇਅਰਪਰਸਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ 5 ਖੇਡ ਕਿੱਟਾਂ ਦੀ ਵੰਡ ਕੀਤੀ ਗਈ ਜੋ ਕਿ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਰਾਜ ਪੱਧਰੀ ਮੁਹਿੰਮ ‘ਯੂਥ ਆਫ ਪੰਜਾਬ’ ਤਹਿਤ ਰਾਜ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਰੁਚਿਤ ਕਰਨ ਹਿੱਤ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਬਿੰਦਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਦੀ ਜਵਾਨੀ ਦੀ ਤਰੱਕੀ ਅਤੇ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਸੂਬੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿਚ ਵੱਧ ਚੜ ਕੇ ਹਿੱਸਾ ਲੈਣ, ਕਿਉਂਕਿ ਪੰਜਾਬ ਇਕ ਅਜਿਹਾ ਸੂਬਾ ਹੈ ਜਿਸ ਨੇ ਰਾਸ਼ਟਰੀ ਪੱਧਰ ਦੇ ਨਾਮਵਰ ਖਿਡਾਰੀ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਸੁਪਨਾ ਸੀ ਕਿ ਪੰਜਾਬ ਇੱਕ ਨਸ਼ਾ ਮੁਕਤ ਸੂਬਾ ਹੋਵੇ।
ਚੇਅਰਪਰਸਨ ਇੰਜੀ: ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਉਨ੍ਹਾਂ ਨੂੰ ਪੰਜਾਬ ਯੁਵਕ ਵਿਕਾਸ ਬੋਰਡ ਦਾ ਕਾਰਜਭਾਰ ਸੌਪਿਆ ਹੈ, ਉਨ੍ਹਾਂ ਦੀ ਯੋਗ ਅਗਵਾਈ ਅਤੇ ਦਿਸ਼ਾਂ ਨਿਰਦੇਸ਼ਾਂ ਹੇਠ ਪੂਰੀ ਤਨਦੇਹੀ ਨਾਲ ਨਿਭਾਉਣਗੇ। ਸ੍ਰੀ ਬਿੰਦਰਾ ਨੇ ਕਿਹਾ ਕਿ ਉਹ ਸਮੁੱਚੇ ਸੂਬੇ ਦੇ ਨੌਜਵਾਨਾਂ ਦੇ ਸਹਿਯੋਗ ਲਈ ਤੱਤਪਰ ਹਨ ਅਤੇ ਉਨ੍ਹਾਂ ਦੇ ਚੰਗੇਰੇ ਅਤੇ ਉੱਜਵਲ ਭਵਿੱਖ ਲਈ ਦ੍ਰਿੜ ਸੰਕਲਪ ਹਨ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ.ਧਰਮ ਸਿੰਘ ਸੰਧੂ (ਪੀ.ਈ.ਐਸ-1) ਨੇ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਦਾ ਸਲਾਨਾ ਸਮਾਰੋਹ ਵਿੱਚ ਹਾਜ਼ਰ ਹੋਕੇ ਕਾਲਜ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਧੰਨਵਾਦ ਕੀਤਾ। ਪ੍ਰਿੰਸੀਪਲ ਸ਼੍ਰੀਮਤੀ ਸੁਖਵਿੰਦਰ ਕੌਰ, ਸਰਕਾਰੀ ਕਾਲਜ (ਲੜਕੀਆਂ) ਲੁਧਿਆਣਾ ਵੀ ਇਸ ਸਲਾਨਾ ਸਮਾਰੋਹ ਮੌਕੇ ਹਾਜ਼ਰ ਸਨ।