ਡੀ.ਸੀ. ਨੇ ਡੀ.ਬੀ.ਈ.ਈ. ਦਾ ਕੀਤਾ ਦੌਰਾ, ‘ਡੀ.ਸੀ.ਨਾਲ ਕੌਫੀ’ ਪ੍ਰੋਗਰਾਮ ਦੌਰਾਨ ਨੌਜਵਾਨਾਂ ਨਾਲ ਕੀਤੀ ਗੱਲਬਾਤ

ਨਿਊਜ਼ ਪੰਜਾਬ 

ਲੁਧਿਆਣਾ, 05 ਮਾਰਚ  ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਕਿਹਾ ਕਿ ਦਫ਼ਤਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ) ਲੁਧਿਆਣਾ ਇੱਕ ਛੱਤ ਹੇਠ ਜ਼ਿਲ੍ਹੇ ਵਿੱਚ ਨੌਕਰੀ ਦੇ ਚਾਹਵਾਨ ਅਤੇ ਨੌਕਰੀ ਦੇਣ ਵਾਲਿਆਂ ਲਈ ਕੰਮ ਕਰ ਰਿਹਾ ਹੈ।

ਡਿਪਟੀ ਕਮਿਸ਼ਨਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ ਅਤੇ ਡਿਪਟੀ ਡਾਇਰੈਕਟਰ ਡੀ.ਬੀ.ਈ.ਈ. ਸ੍ਰੀਮਤੀ ਮੀਨਾਕਸ਼ੀ ਸ਼ਰਮਾ ਦੇ ਨਾਲ ਸਥਾਨਕ ਪ੍ਰਤਾਪ ਚੌਕ ਵਿਖੇ ਬਿਊਰੋ ਦੇ ਦਫਤਰ ਦਾ ਦੌਰਾ ਕੀਤਾ ਅਤੇ ‘ਡੀ.ਸੀ. ਦੇ ਨਾਲ ਕੌਫੀ’ ਪ੍ਰੋਗਰਾਮ ਦੌਰਾਨ ਨੌਜਵਾਨਾਂ ਨਾਲ ਗੱਲਬਾਤ ਕੀਤੀ।

ਰੋਜ਼ਗਾਰ ਬਿਊਰੋ ਨੂੰ ਜ਼ਿਲ੍ਹੇ ਦੇ ਨੌਜਵਾਨਾਂ ਦੀ ਕਿਸਮਤ ਬਦਲਣ ਲਈ ਉਤਪ੍ਰੇਰਕ ਦੱਸਦਿਆਂ ਉਨ੍ਹਾਂ ਕਿਹਾ ਕਿ ਉਹ ਨੌਕਰੀਆਂ ਦੇਣ ਤੋਂ ਇਲਾਵਾ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਖੋਲ੍ਹਣ ਦੇ ਯੋਗ ਬਣਾ ਕੇ ਸਵੈ-ਨਿਰਭਰ ਬਣਾਉਣ ਵਿੱਚ  ਸਹਿਯੋਗ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਡੀ.ਬੀ.ਈ.ਈ. ਨੌਜਵਾਨਾਂ ਨੂੰ ਰਾਜ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਸਰਗਰਮ ਭਾਗੀਦਾਰ ਬਣਨ ਵਿੱਚ ਵੀ ਸਹਾਈ ਸਿੱਧ ਹੋ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਉਨ੍ਹਾਂ ਦੀਆਂ ਯੋਗਤਾਵਾਂ, ਉਦੇਸ਼ਾਂ, ਰੂਚੀਆਂ ਬਾਰੇ ਗੱਲ ਕੀਤੀ ਅਤੇ ਡੀ.ਬੀ.ਈ.ਈ. ਦੇ ਕੰਮਕਾਜ ਵਿੱਚ ਸੁਧਾਰ ਲਈ ਸੁਝਾਅ ਵੀ ਮੰਗੇ।

ਉਨ੍ਹਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਆਪਣੇ ਜੀਵਨ ਵਿੱਚ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਹਰ ਸੰਭਵ ਉਪਰਾਲੇ ਕਰਨ।

ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਹ ਸੁਨਿਸ਼ਚਿਤ ਕਰਨ ਕਿ ਵੱਖ-ਵੱਖ ਹੁਨਰ ਵਿਕਾਸ ਕੋਰਸਾਂ ਤਹਿਤ ਸਿਖਲਾਈ ਲੈ ਰਹੇ ਨੌਜਵਾਨ ਡੀ.ਬੀ.ਈ.ਈ. ਦਾ ਦੌਰਾ ਲਾਜ਼ਮੀ ਤੌਰ ‘ਤੇ ਕਰਨ।

ਇਸ ਤੋਂ ਇਲਾਵਾ, ਉਨ੍ਹਾਂ ਵਿਦਿਆਰਥੀਆਂ ਨੂੰ ਡੀ.ਬੀ.ਈ.ਈ. ਅਤੇ ਇਸ ਦੇ ਕੰਮਕਾਜ ਪ੍ਰਤੀ ਜਾਗਰੂਕਤਾ ਨੂੰ ਸਵੇਰ ਸਮੇਂ ਆਨਲਾਈਨ ਕਲਾਸਾਂ ਦੁਆਰਾ ਯਕੀਨੀ ਬਣਾਉਣ ਲਈ ਵੀ ਕਿਹਾ। ਉਨ੍ਹਾਂ ਡੀ.ਬੀ.ਈ.ਈ. ਨੂੰ ਵੀਡੀਓ ਸੰਦੇਸ਼ਾਂ ਰਾਹੀਂ ਸੋਸ਼ਲ ਮੀਡੀਆ ਦੀ ਪ੍ਰਭਾਵਸ਼ਾਲੀ ਵਰਤੋਂ ਕਰਨ ਲਈ ਕਿਹਾ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਡੀ.ਬੀ.ਈ.ਈ. ਦਾ ਲਾਭ ਲੈ ਸਕਣ।

ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਘਰ-ਘਰ ਰੋਜ਼ਗਾਰ ਯੋਜਨਾ ਨੂੰ ਬੇਹੱਦ ਲਾਹੇਵੰਦ ਦੱਸਿਆ, ਜਿਸਦਾ ਉਦੇਸ਼ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਖੋਲ੍ਹ ਕੇ ਸੂਬੇ ਵਿਚੋਂ ਬੇਰੁਜ਼ਗਾਰੀ ਨੂੰ ਖਤਮ ਕਰਨਾ ਹੈ।

ਉਨ੍ਹਾਂ ਨੌਜਵਾਨਾਂ ਨੂੰ ਸੂਬਾ ਸਰਕਾਰ ਦੁਆਰਾ ਦਿੱਤੀ ਜਾ ਰਹੀ ਹੁਨਰ ਵਿਕਾਸ ਸਿਖਲਾਈ ਦੇ ਨਾਲ-ਨਾਲ ਉਨ੍ਹਾਂ ਦੇ ਟੀਚਿਆਂ ‘ਤੇ ਧਿਆਨ ਕੇਂਦਰਤ ਕਰਨ ਦੀ ਅਪੀਲ ਕੀਤੀ।

ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਨੇ ਵੀ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਉਹ ਹੁਨਰਮੰਦ ਕਰਮਚਾਰੀਆਂ ਦੀ ਪ੍ਰਾਪਤੀ ਲਈ ਅੱਗੇ ਆਉਣ ਅਤੇ ਡੀ.ਬੀ.ਈ.ਈ. ਨਾਲ ਮਿਲ ਕੇ ਕੰਮ ਕਰਨ।

ਉਨ੍ਹਾਂ ਸੀ.ਆਈ.ਸੀ.ਯੂ. ਦੇ ਪ੍ਰਧਾਨ ਸ.ਉਪਕਾਰ ਸਿੰਘ ਆਹੂਜਾ ਦਾ ਆਉਣ ਵਾਲੇ ਨੌਕਰੀ ਮੇਲਿਆਂ ਵਿੱਚ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦਾ ਭਰੋਸਾ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਡੀ.ਬੀ.ਈ.ਈ. ਦੇ ਡਿਪਟੀ ਸੀ.ਈ.ਓ. ਸ੍ਰੀ ਨਵਦੀਪ ਸਿੰਘ ਵੀ ਮੌਜੂਦ ਸਨ।