ਐਨ.ਐਚ.ਏ.ਆਈ. ਨੇ ਦਿੱਲੀ-ਅੰਮ੍ਰਿਤਸਰ ਹਾਈਵੇ (ਐਨ.ਐਚ-44) ‘ਤੇ 4 ਐਂਟਰੀ/ਐਗਜ਼ਿਟ ਪੁਆਇੰਟਾਂ ਨੂੰ ਦਿੱਤੀ ਮਨਜ਼ੂਰੀ -ਮੇਅਰ ਬਲਕਾਰ ਸਿੰਘ ਸੰਧੂ
ਨਿਊਜ਼ ਪੰਜਾਬ
ਲੁਧਿਆਣਾ, 03 ਮਾਰਚ ਮੇਅਰ ਬਲਕਾਰ ਸਿੰਘ ਸੰਧੂ ਨੇ ਅੱਜ ਕਿਹਾ ਕਿ ਵਸਨੀਕਾਂ ਲਈ ਇਕ ਖੁਸ਼ਖਬਰੀ ਵਜੋਂ, ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਨੇ ਦਿੱਲੀ-ਅੰਮ੍ਰਿਤਸਰ (ਐਨ.ਐਚ-44) ਰਾਸ਼ਟਰੀ ਰਾਜਮਾਰਗ ‘ਤੇ ਲੁਧਿਆਣਾ ਨਗਰ ਨਿਗਮ ਦੀ ਹਦੂਦ ਅੰਦਰ ਚਾਰ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਜਿਨ੍ਹਾਂ ਨਿੱਜੀ ਤੌਰ ‘ਤੇ ਇਸ ਮੁੱਦੇ ਨੂੰ ਵਸਨੀਕਾਂ ਦੇ ਹਿੱਤ ਵਿੱਚ ਐਨ.ਐਚ.ਏ.ਆਈ. ਦੇ ਚੇਅਰਮੈਨ ਸ.ਸੁਖਬੀਰ ਸਿੰਘ ਸੰਧੂ ਕੋਲ ਚੁੱਕਿਆ ਸੀ।
ਮੇਅਰ ਨੇ ਦੱਸਿਆ ਕਿ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ਦੀ ਯੋਜਨਾ ਢੰਡਾਰੀ ਨੇੜੇ, ਐਸ.ਪੀ.ਐਸ. ਹਸਪਤਾਲ ਨੇੜੇ, ਟਰਾਂਸਪੋਰਟ ਨਗਰ ਨੇੜੇ, ਗ੍ਰੀਨ ਲੈਂਡ ਸਕੂਲ ਨੇੜੇ ਅਤੇ ਜਲੰਧਰ ਬਾਈਪਾਸ ਨੇੜੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਵੇਸ਼ ਅਤੇ ਨਿਕਾਸ ਪੁਆਇੰਟਾਂ ਨਾਲ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਵੱਲੋਂ ਐਨ.ਐਚ-44 ਨੂੰ ਆਵਾਜਾਈ ਲਈ ਵਰਤਿਆ ਜਾਵੇਗਾ।
ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਉਹ ਇਸ ਮੁੱਦੇ ਨੂੰ ਸਮੇਂ-ਸਮੇਂ ‘ਤੇ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਕੋਲ ਉਠਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮੁੱਦਾ ਐਨ.ਐਚ.ਏ.ਆਈ. ਦੇ ਚੇਅਰਮੈਨ ਸ.ਸੁਖਬੀਰ ਸਿੰਘ ਸੰਧੂ ਦੇ ਉਸ ਵੇਲੇ ਵੀ ਧਿਆਨ ਵਿੱਚ ਵੀ ਲਿਆਂਦਾ ਗਿਆ ਸੀ, ਜਦੋਂ ਉਹ 23 ਫਰਵਰੀ, 2021 ਨੂੰ ਲੁਧਿਆਣਾ ਦੌਰੇ ‘ਤੇ ਸਨ।
ਨਗਰ ਨਿਗਮ ਕੌਂਸਲਰ ਸ੍ਰੀ ਮਮਤਾ ਆਸ਼ੂ ਨੇ ਦੱਸਿਆ ਕਿ ਐਸ.ਪੀ.ਐਸ. ਹਸਪਤਾਲ ਨੇੜੇ ਸਰਵਿਸ ਰੋਡ ਵੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸੜਕ ਪਿਛਲੇ ਕਈ ਮਹੀਨਿਆਂ ਤੋਂ ਬਹੁਤ ਮਾੜੀ ਹਾਲਤ ਵਿੱਚ ਸੀ ਅਤੇ ਇਹ ਮਾਮਲਾ ਐਨ.ਐਚ.ਏ.ਆਈ. ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਇਹ ਸੜਕ ਬਣਾਈ ਗਈ। ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਅਤੇ ਨਿਗਮ ਕੌਂਸਲਰ ਸ੍ਰੀ ਮਮਤਾ ਆਸ਼ੂ ਨੇ ਅੱਜ ਘਟਨਾ ਸਥੱਲ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕੀਤੇ।