ਉਤਰਾਖੰਡ ਹਾਦਸਾ: 18 ਲਾਸ਼ਾਂ ਬਰਾਮਦ, 202 ਹਾਲੇ ਵੀ ਲਾਪਤਾ, ਰਾਹਤ ਕਾਰਜ ਜਾਰੀ

ਨਿਊਜ਼ ਪੰਜਾਬ 

ਦੇਹਰਾਦੂਨ, 8 ਫਰਵਰੀ

ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਆਉਣ ਨਾਲ ਹੁਣ ਤਕ 18 ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ ਤੇ 202 ਹੋਰ ਲਾਪਤਾ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਤੇ ਰਾਹਤ ਕਾਰਜਾਂ ਵਿੱਚ ਕਈ ਏਜੰਸੀਆਂ ਲੱਗੀਆਂ ਹੋਈਆਂ ਹਨ। ਪਾਵਰ ਪ੍ਰਾਜੈਕਟ ਵਾਲੀ ਥਾਂ ਨੇੜਲੀ ਸੁਰੰਗ ਵਿੱਚ ਫਸੇ 30 ਵਰਕਰਾਂ ਨੂੰ ਬਚਾਅ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ 202 ਵਿਅਕਤੀ ਹਾਲੇ ਵੀ ਲਾਪਤਾ ਹਨ ਜੋ ਪਾਵਰ ਪ੍ਰਾਜੈਕਟ ਵਾਲੀ ਥਾਂ ’ਤੇ ਕੰਮ ਕਰ ਰਹੇ ਸਨ। ਇਨ੍ਹਾਂ ਵਿੱਚ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਦੇ ਘਰ ਪਾਣੀ ਵਿੱਚ ਰੁੜ੍ਹ ਗਏ ਹਨ।ਸੂਬੇ ਦੇ ਮੁੱਖ ਮੰਤਰੀ ਤਿਵੇਂਦਰ ਸਿੰਘ ਰਾਵਤ ਨੇ ਕਿਹਾ ਕਿ ਲੋਕਾਂ ਨੂੰ ਬਚਾਉਣਾ ਅਤੇ ਪੀੜਤ ਪਰਿਵਾਰਾਂ ਨੂੰ ਹਰ ਮਦਦ ਦੇਣਾ ਸਰਕਾਰ ਦੀ ਪਹਿਲੀ ਤਰਜੀਹ ਹੈ। ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਅਤੇ ਆਰ ਕੇ ਸਿੰਘ ਦੇ ਨਾਲ ਨਾਲ ਪੌੜ੍ਹੀ ਦੇ ਸੰਸਦ ਮੈਂਬਰ ਤੀਰਥ ਸਿੰਘ ਰਾਵਤ, ਉੱਤਰਾਖੰਡ ਦੇ ਮੰਤਰੀ ਧਾਨ ਸਿੰਘ ਰਾਵਤ ਨੇ ਤਪੋਵਨ ਅਤੇ ਰਾਇਨੀ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ। ਜੋਸ਼ੀਮੱਠ ਨੇੜੇ ਪ੍ਰਭਾਵਿਤ ਇਲਾਕਿਆਂ ਵਿੱਚ ਫੌਜ, ਆਈਟੀਬੀਪੀ, ਐਨਡੀਆਰਐਫ ਅਤੇ ਸੁੂਬਾਈ ਆਫ਼ਤ ਰਾਹਤ ਫੋਰਸ ਦੇ ਜਵਾਨ ਰਾਹਤ ਕਾਰਜਾਂ ਵਿਚ ਜੁਟੇ ਹੋਏ ਹਨ। ਤਪੋਵਨ ਸੁਰੰਗ ਵਿੱਚ ਫਸੇ 30-35 ਲੋਕਾਂ ਨੂੰ ਬਚਾਉਣ ਲਈ ਸਭਨਾਂ ਟੀਮਾਂ ਸਹਿਯੋਗ ਕਰ ਰਹੀਆਂ ਹਨ। ਏਅਰ ਫੋਰਸ ਦੀ ਟੀਮ ਵੀ ਰਾਹਤ ਕਾਰਜਾਂ ਵਿੱਚ ਜੁਟੀ ਹੋਈ ਹੈ।