ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਹੈਬੋਵਾਲ ਖੇਤਰ ਵਿੱਚ ਲਈਅਰ ਵੈਲੀ ਦਾ ਰੱਖਿਆ ਨੀਂਹ ਪੱਥਰ
ਨਿਊਜ਼ ਪੰਜਾਬ
ਲੁਧਿਆਣਾ, 25 ਜਨਵਰੀ ਕੈਬਨਿਟ ਮੰਤਰੀ ਸ.ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਅੱਜ ਸਥਾਨਕ ਹੈਬੋਵਾਲ ਖੇਤਰ ਵਿੱਚ 6 ਏਕੜ ਰਕਬੇ ਅੰਦਰ ਲਈਅਰ ਵੈਲੀ ਦਾ ਨੀਂਹ ਪੱਥਰ ਰੱਖਿਆ। ਇਸ ਲਈਅਰ ਵੈਲੀ ਨੂੰ ਨਗਰ ਸੁਧਾਰ ਟਰੱਸਟ ਲੁਧਿਆਣਾ ਟਰੱਸਟ ਵੱਲੋਂ ਬੁੱਢੇ ਨਾਲੇ ਦੇ ਨਾਲ ਖਾਲੀ ਪਈ ਜ਼ਮੀਨ ‘ਤੇ 2.96 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ।
ਇਸ ਮੌਕੇ ਉਨ੍ਹਾਂ ਨਾਲ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਬਾਲਾਸੁਬਰਾਮਨੀਅਮ, ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਨਿਗਮ ਕੌਂਸਲਰ ਸ੍ਰੀ ਮਹਾਰਾਜ ਸਿੰਘ ਰਾਜੀ, ਰਾਸ਼ੀ ਅਗਰਵਾਲ, ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ.ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਇਸ ਲਈਅਰ ਵੈਲੀ ਵਿੱਚ ਹਰੇ ਭਰੇ ਮੈਦਾਨ ਅਤੇ ਛਾਂਦਾਰ ਸੁੰਦਰ ਰੁੱਖ ਹੋਣਗੇ, ਸਵੇਰੇ-ਸ਼ਾਮ ਦੀ ਸੈਰ ਕਰਨ ਵਾਲਿਆਂ ਲਈ ਫੁੱਟਪਾਥ, ਓਪਨ ਜਿੰਮ, ਬੱਚਿਆਂ ਦੇ ਖੇਡਣ ਲਈ ਵੱਖਰੀ ਜਗ੍ਹਾ, ਬੈਠਣ ਲਈ ਕਨੋਪੀਆਂ, ਬੈਂਚ, ਪਾਣੀ ਦੀ ਸਪਲਾਈ ਲਈ ਟਿਊਬਵੈਲ ਆਧੁਨਿਕ ਰੋਸ਼ਨੀ ਤੋਂ ਇਲਾਵਾ ਅਜਿਹੀਆਂ ਹੋਰ ਸਹੂਲਤਾਂ ਹੋਣਗੀਆਂ।
ਉਨ੍ਹਾਂ ਕਿਹਾ ਕਿ ਹੈਬੋਵਾਲ ਖੇਤਰ ਵਿੱਚ ਲਈਅਰ ਵੈਲੀ ਵਰਗੇ ਪ੍ਰਾਜੈਕਟਾਂ ਦੀ ਘਾਟ ਹੈ ਅਤੇ ਇਸੇ ਲਈ ਇਸ ਦੇ ਵਿਕਾਸ ਲਈ ਖਾਲੀ ਪਈ }ਮੀਨ ਨਿਸ਼ਾਨਦੇਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਇਲਾਕਾ ਨਿਵਾਸੀਆਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗਾ। ਉਨ੍ਹਾਂ ਦੱਸਿਆ ਕਿ ਲਈਅਰ ਵੈਲੀ ਦਾ ਨਿਰਮਾਣ ਇਸ ਤਰੀਕੇ ਨਾਲ ਕੀਤਾ ਜਾਵੇਗਾ ਕਿ ਇਸ ਵਿਚ ਬੱਚਿਆਂ ਲਈ ਖੇਡਣ ਵਾਲੀ ਥਾਂ ਦੇ ਨਾਲ-ਨਾਲ ਬਾਲਗਾਂ ਲਈ ਮੈਦਾਨ ਅਤੇ ਮਨੋਰੰਜਨ ਦੇ ਖੇਤਰ ਵੀ ਹੋਣਗੇ।