31 ਮਾਰਚ 2021 ਤੱਕ ਸਾਰੇ ਬੈਂਕ ਖਾਤਿਆਂ ਨੂੰ ਆਧਾਰ ਨਾਲ ਜੋੜਣਾ ਜ਼ਰੂਰੀ : ਨਿਰਮਲਾ ਸੀਤਾਰਮਨ

ਨਵੀਂ ਦਿੱਲੀ, 11 ਨਵੰਬਰ (ਨਿਊਜ਼ ਪੰਜਾਬ) : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਾਰੇ ਬੈਂਕਾਂ ਨੂੰ ਇਹ ਨਿਰਦੇਸ਼ ਦਿੱਤੇ ਕਿ 31 ਮਾਰਚ 2021 ਤੱਕ ਸਾਰੇ ਬੈਂਕ ਖਾਤਿਆਂ ਨੂੰ ਆਧਾਰ ਨਾਲ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਖਾਤਿਆਂ ਨੂੰ ਪੈਨ ਨਾਲ ਲਿੰਕ ਕਰਨ ਦੀ ਲੋੜ ਹੈ, ਉਨ੍ਹਾਂ ਨੂੰ ਵੀ 31 ਮਾਰਚ ਤਕ ਪੈਨ ਨਾਲ ਜੋੜਨ ਦਾ ਕੰਮ ਪੂਰਾ ਹੋ ਜਾਣਾ ਚਾਹੀਦਾ ਹੈ। ਇੰਡੀਅਨ ਬੈਂਕ ਐਸੋਸੀਏਸ਼ਨ ਨਾਲ ਵਰਚੁਅਲ ਬੈਠਕ ‘ਚ ਵਿੱਤ ਮੰਤਰੀ ਨੇ ਕਿਹਾ ਕਿ ਵਿੱਤੀ ਜੋੜ ਦੀ ਕਹਾਣੀ ਹਾਲੇ ਪੂਰੀ ਨਹੀਂ ਹੋਈ ਤੇ ਬੈਂਕਾਂ ਨੂੰ ਉਸਨੂੰ ਹੋਰ ਅੱਗੇ ਲੈ ਕੇ ਜਾਣਾ ਹੈ। ਉਨ੍ਹਾਂ ਕਿਹਾ ਕਿ ਹਾਲੇ ਬਹੁਤ ਸਾਰੇ ਅਜਿਹੇ ਖਾਤੇ ਹਨ ਜਿਹੜੇ ਆਧਾਰ ਨਾਲ ਲਿੰਕ ਨਹੀਂ ਹਨ।  ਉਨ੍ਹਾਂ ਕਿਹਾ ਕਿ ਬੈਂਕਾਂ ਨੂੰ 31 ਮਾਰਚ ਤਕ ਬੈਂਕਾਂ ਦੇ ਸਾਰੇ ਖਾਤੇ ਆਧਾਰ ਨਾਲ ਜੁੜ ਜਾਣੇ ਚਾਹੀਦੇ ਹਨ ਤੇ ਲੋੜ ਮੁਤਾਬਕ ਖਾਤਿਆਂ ਨੂੰ ਪੈਨ ਨਾਲ ਜੋੜਨ ਦਾ ਕੰਮ ਵੀ ਇਸ ਸਮੇਂ ਤਕ ਪੂਰਾ ਕਰ ਲੈਣਾ ਚਾਹੀਦਾ ਹੈ। ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਬੈਂਕਾਂ ਨੂੰ ਨਕਦੀ ਭੁਗਤਾਨ ਨੂੰ ਘਟਾਉਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਆਪਣੇ ਗਾਹਕਾਂ ਨੂੰ ਡਿਜੀਟਲ ਭੁਗਤਾਨ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ।  ਸੀਤਾਰਮਨ ਨੇ ਕਿਹਾ ਕਿ ਬੈਂਕਾਂ ‘ਚ ਯੂਪੀਆਈ ਦਾ ਪ੍ਰਚਲਨ ਏਨਾ ਵੱਧ ਜਾਣਾ ਚਾਹੀਦਾ ਕਿ ਇਹ ਬੋਲ-ਚਾਲ ਦੀ ਭਾਸ਼ਾ ਬਣ ਜਾਵੇ। ਬੈਂਕਾਂ ਨੂੰ ਰੁਪੇ ਕਾਰਡ ਨੂੰ ਵੀ ਉਤਸ਼ਾਹਤ ਕਰਨਾ ਚਾਹੀਦਾ ਹੈ। ਆਈ.ਬੀ.ਏ ਨਾਲ ਬੈਠਕ ‘ਚ ਸੀਤਾਰਮਨ ਨੇ ਇਹ ਵੀ ਕਿਹਾ ਕਿ ਦੇਸ਼ ਨੂੰ ਵੱਡੇ ਬੈਂਕਾਂ ਦੀ ਲੋੜ ਹੈ।