ਕੋਰੋਨਾ ਵਾਇਰਸ–ਅਣਸੁਖਾਵੀਂ ਸਥਿਤੀ ਤੋਂ ਬਚਣ ਲਈ ਸਿਹਤ ਵਿਭਾਗ ਵੱਲੋਂ ਜਾਰੀ ਸਿਹਤ ਸਲਾਹਾਂ ਦੀ ਪਾਲਣਾ ਕੀਤੀ ਜਾਵੇ-ਡਿਪਟੀ ਕਮਿਸ਼ਨਰ
ਲੁਧਿਆਣਾ, 11 ਮਾਰਚ ( ਗੁਰਪ੍ਰੀਤ ਸਿੰਘ -ਨਿਊਜ਼ ਪੰਜਾਬ )-ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ (ਕੋਵਿਡ-19) ਬਿਮਾਰੀ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਸਿਹਤ ਸਲਾਹਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ ਤਾਂ ਜੋ ਕਿਸੇ ਵੀ ਅਣਸੁਖਾਵੀਂ ਸਥਿਤੀ ਤੋਂ ਬਚਿਆ ਜਾ ਸਕੇ। ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਅਨੁਸਾਰ ਫ਼ਿਲਹਾਲ ਜ਼ਿਲ•ਾ ਲੁਧਿਆਣਾ ਵਿੱਚ ਇਸ ਬਿਮਾਰੀ ਤੋਂ ਪੀੜਤ ਕੋਈ ਸ਼ੱਕੀ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਦੱਸਣਯੋਗ ਹੈ ਕਿ ਸਿਹਤ ਸਲਾਹ ਵਿੱਚ ਦੱਸਿਆ ਗਿਆ ਕਿ ਕਿਸੇ ਨਾਲ ਹੱਥ ਨਾ ਮਿਲਾਓ, ਕਿਸੇ ਨੂੰ ਗਲਵੱਕੜੀ ਨਾ ਪਾਓ, ਖੁੱਲੇ ਵਿੱਚ ਨਾ ਥੁੱਕੋ, ਜਿਸ ਵਿਅਕਤੀ ਨੂੰ ਬੁਖਾਰ ਹੈ ਉਸਨੂੰ ਭੀੜ ਵਿੱਚ ਜਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ ਅਤੇ ਜਿਸ ਵਿਅਕਤੀ ਨੂੰ ਖੰਘ ਜਾਂ ਬੁਖਾਰ ਹੈ ਉਸ ਵਿਅਕਤੀ ਤੋਂ ਲਗਭਗ 1 ਮੀਟਰ ਦੀ ਦੂਰੀ ਰੱਖੋ। ਜੇਕਰ ਕਿਸੇ ਵਿਅਕਤੀ ਨੂੰ ਖੰਘ ਜਾਂ ਬੁਖਾਰ ਹੈ ਤਾਂ ਉਸ ਨੂੰ ਆਪਣਾ ਮੂੰਹ ਮਾਸਕ ਜਾਂ ਰੁਮਾਲ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ। ਜਿਸ ਵਿਅਕਤੀ ਨੂੰ ਖੰਘ ਜਾਂ ਬੁਖਾਰ ਹੈ ਉਸ ਨੂੰ ਲਾਜਮੀ ਤੌਰ ਤੇ ਨਜਦੀਕੀ ਸਰਕਾਰੀ ਹਸਪਤਾਲ ਵਿੱਚ ਰਿਪੋਰਟ ਕਰਨੀ ਚਾਹੀਦੀ ਹੈ।
ਜੇਕਰ ਕਿਸੇ ਵਿਅਕਤੀ ਨੇ ਪਿਛਲੇ 14 ਦਿਨਾਂ ਦੌਰਾਨ ਚੀਨ, ਨੇਪਾਲ ਦੀ ਯਾਤਰਾ ਕੀਤੀ ਹੋਵੇ ਤਾਂ ਉਸ ਨੂੰ 14 ਦਿਨਾਂ ਲਈ ਘਰ ਵਿੱਚ ਅਲੱਗ ਰੱਖਿਆ ਜਾਣਾ ਚਾਹੀਦਾ ਹੈ ਅਤੇ ਕਿਸੇ ਭੀੜ ਵਾਲੇ ਸਥਾਨ ‘ਤੇ ਨਹੀਂ ਜਾਣਾ ਚਾਹੀਦਾ। ਸਿਹਤਮੰਦ ਵਿਅਕਤੀ ਜਿਸਨੂੰ ਖੰਘ, ਬੁਖਾਰ ਨਹੀਂ ਹੈ, ਨੂੰ ਮਾਸਕ ਦੀ ਜਰੂਰਤ ਨਹੀਂ ਹੈ। ਉਨ•ਾਂ ਦੱਸਿਆ ਕਿ ਕੋਈ ਵੀ ਸੰਕੇਤ ਅਤੇ ਲੱਛਣ (ਖਾਂਸੀ, ਬੁਖਾਰ ਜਾਂ ਸਾਹ ਲੈਣ ਵਿੱਚ ਮੁਸ਼ਕਲ) ਵਾਲੇ ਜ਼ਿਲ•ਾ ਲੁਧਿਆਣਾ ਲਈ ਹੈਲਪਲਾਈਨ ਨੰਬਰ 0161-2444193 ਜਾਂ ਡਾ: ਦਿਵਜੋਤ ਸਿੰਘ ਨੂੰ 9041274030 ਜਾਂ ਡਾਕਟਰ ਰਮੇਸ਼ ਕੁਮਾਰ ਨੂੰ 9855716180 ‘ਤੇ ਕਾਲ ਕਰ ਸਕਦੇ ਹਨ।
ਬਾਇਓਮੈਟ੍ਰਿਕ ਹਾਜ਼ਰੀ ਲਾਉਣ ਦੀ ਮਨਾਹੀ
ਉਨ•ਾਂ ਦੱਸਿਆ ਕਿ ਮਾਲ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਫਿਲਹਾਲ ਰਜਿਸਟਰੀ ਆਦਿ ਕੰਮਾਂ ਲਈ ਬਾਇਮੈਟ੍ਰਿਕ ਹਾਜ਼ਰੀ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸੇ ਤਰ•ਾਂ ਸਿੱਖਿਆ ਵਿਭਾਗ ਨੂੰ ਵੀ ਉੱਚ ਅਧਿਕਾਰੀਆਂ ਵੱਲੋਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਸਕੂਲਾਂ ਆਦਿ ਵਿੱਚ ਵੀ ਅਗਲੇ ਹੁਕਮਾਂ ਤੱਕ ਬਾਇਓਮੈਟ੍ਰਿਕ ਹਾਜ਼ਰੀ ਨਾ ਲਗਾਈ ਜਾਵੇ।
ਸਕੂਲ ਵਿਦਿਆਰਥੀਆਂ ਲਈ ਐਡਵਾਈਜ਼ਰੀ ਜਾਰੀ
ਸਕੂਲੀ ਬੱਚਿਆਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਇੱਕ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ਬਾਰੇ ਸ੍ਰੀ ਅਗਰਵਾਲ ਨੇ ਕਿਹਾ ਕਿ ਜ਼ਿਲ•ਾ ਲੁਧਿਆਣਾ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਸਲਾਹ ਦਿੱਤੀ ਕਿ ਉਹ ਸਕੂਲ ਵਿੱਚ ਦਿਨ ਦੇ ਸਮੇਂ ਵਿਦਿਆਰਥੀਆਂ ਦੇ ਵੱਡੇ ਇਕੱਠ ਤੋਂ ਬਚਣ।ਕਿਸੇ ਵੀ ਵਿਦਿਆਰਥੀ/ਸਟਾਫ ਵੱਲੋਂ ਕਿਸੇ ਕਰੋਨਾ ਵਾਇਰਸ ਪ੍ਰਭਾਵਿਤ ਦੇਸ਼ ਵਿੱਚ ਯਾਤਰਾ ਜਾਂ ਪਿਛਲੇ 28 ਦਿਨਾਂ ਵਿੱਚ ਅਜਿਹੇ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਦੀ ਸੂਰਤ ਵਿੱਚ ਨਿਗਰਾਨੀ ਰੱਖਣੀ ਚਾਹੀਦੀ ਹੈ ਅਤੇ 14 ਦਿਨਾਂ ਲਈ ਆਪਣੇ ਆਪ ਨੂੰ ਘਰ ਵਿੱਚ ਅਲੱਗ ਰੱਖਿਆ ਜਾਣਾ ਚਾਹੀਦਾ ਹੈ।
ਕਲਾਸ ਦੇ ਅਧਿਆਪਕਾਂ ਨੂੰ ਲੱਛਣਾਂ ਅਤੇ ਲੱਛਣਾਂ ਵਾਲੇ ਕਿਸੇ ਵੀ ਬੱਚੇ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ, ਜਿਵੇਂ ਕਿ ਬੁਖਾਰ, ਖੰਘ ਅਤੇ ਸਾਹ ਲੈਣ ਵਿੱਚ ਮੁਸ਼ਕਲ ਆਉਣ ‘ਤੇ ਤੁਰੰਤ ਮਾਪਿਆਂ ਨੂੰ ਬੱਚੇ ਦੇ ਟੈਸਟ ਕਰਵਾਉਣ ਲਈ ਸੂਚਿਤ ਕਰਨਾ ਚਾਹੀਦਾ ਹੈ। ਸਕੂਲ ਮਾਪਿਆਂ ਨੂੰ ਬੱਚੇ ਨੂੰ ਉਦੋਂ ਤੱਕ ਸਕੂਲ ਨਾ ਭੇਜਣ ਲਈ ਕਹਿਣ ਜਦੋਂ ਤੱਕ ਇਲਾਜ ਕਰਨ ਵਾਲੇ ਡਾਕਟਰ ਸਕੂਲ ਜਾਣ ਦੀ ਸਲਾਹ ਨਹੀਂ ਦਿੰਦੇ।
ਉਨ•ਾਂ ਸਲਾਹ ਦਿੱਤੀ ਕਿ ਵਾਰ-ਵਾਰ ਛੂਹਣ ਵਾਲੀਆਂ ਥਾਂਵਾਂ ਜਿਵੇਂ ਕਿ ਦਰਵਾਜ਼ੇ ਦੀਆਂ ਨੋਕਾਂ, ਸਵਿਚਜ਼, ਡੈਸਕ ਟੌਪ, ਪੌੜੀਆਂ ਦੀ ਰੇਲਿੰਗ ਆਦਿ ਨੂੰ ਕੀਟਾਣੂ ਰਹਿਤ ਕਰਨਾ ਚਾਹੀਦਾ ਹੈ। ਸਕੂਲ ਅਧਿਕਾਰੀਆਂ ਨੂੰ ਸਕੂਲ ਦੇ ਅਕਸਰ ਵਰਤੋਂ ਵਿੱਚ ਆਉਣ ਵਾਲੀਆਂ ਥਾਂਵਾਂ ‘ਤੇ ਅਲਕੋਹਲ ਅਧਾਰਤ ਹੈਂਡ ਕਲੀਨਰ/ਸੈਨੀਟਾਈਜ਼ਰ ਵੀ ਰੱਖਣੇ ਚਾਹੀਦੇ ਹਨ। ਹਰ ਸਮੇਂ ਬਾਥਰੂਮਾਂ ਵਿੱਚ ਸਾਬਣ ਅਤੇ ਪਾਣੀ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਪੈਰ ਨਾਲ ਦੱਬ ਕੇ ਖੁੱਲਣ ਵਾਲੇ ਡਸਟਬਿੰਨ ਸਾਰੇ ਕਮਰਿਆਂ ਵਿੱਚ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ। ਕਮਰੇ, ਹੋਸਟਲਾਂ ਵਿੱਚ, ਵਿਦਿਆਰਥੀਆਂ ਦੀ ਸਿਹਤ ਦੀ ਸਥਿਤੀ ਦੇ ਨਾਲ ਨਾਲ ਹੋਰ ਸਹਾਇਕ ਕਰਮਚਾਰੀਆਂ ਦੀ ਵੀ ਨਿਯਮਤ ਅਧਾਰ ‘ਤੇ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ ਅਤੇ ਜੇ ਇਸ ਵਿਚ ਕੋਈ ਸ਼ੱਕੀ ਮਾਮਲੇ ਹੋਣ ਤਾਂ ਅਧਿਕਾਰਤ ਸਥਾਨਕ ਮੈਡੀਕਲ ਅਥਾਰਟੀ ਨੂੰ ਜਾਂਚ ਲਈ ਬੁਲਾਇਆ ਜਾਣਾ ਚਾਹੀਦਾ ਹੈ।
ਅਗਰਵਾਲ ਨੇ ਦੱਸਿਆ ਕਿ ਜ਼ਿਲ•ਾ ਪ੍ਰਸਾਸ਼ਨ ਵੱਲੋਂ ਕਿਸੇ ਵੀ ਅਣਸੁਖਾਵੀਂ ਸਥਿਤੀ ਦਾ ਮੁਕਾਬਲਾ ਕਰਨ ਲਈ ਪੂਰੀ ਤਰ•ਾਂ ਤਿਆਰੀ ਹੈ। ਉਨ•ਾਂ ਕਿਹਾ ਕਿ ਹਾਲਾਂਕਿ ਭਾਰਤ ਵਿੱਚ ਸਥਿਤੀ ਇੰਨੀ ਖਤਰਨਾਕ ਨਹੀਂ ਹੈ, ਪਰ ਸਾਨੂੰ ਆਪਣੇ ਆਪ ਨੂੰ ਅਤੇ ਦੂਸਰਿਆਂ ਨੂੰ ਨੋਵਲ ਕਰੋਨਾ ਵਾਇਰਸ ਤੋਂ ਸੁਰੱਖਿਅਤ ਰਹਿਣ ਲਈ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।ਉਨ•ਾਂ ਸਲਾਹ ਦਿੱਤੀ ਕਿ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਸਫਾਈ ਦੇ ਉੱਚੇ ਮਿਆਰਾਂ ਨੂੰ ਕਾਇਮ ਰੱਖਣਾ ਚਾਹੀਦਾ ਹੈ, ਜਿਵੇਂ ਨਿਯਮਿਤ ਤੌਰ ‘ਤੇ ਹੱਥ ਧੋਣੇ, ਲੋਕਾਂ ਨਾਲ ਨੇੜਲੇ ਸੰਪਰਕ ਤੋਂ ਪਰਹੇਜ਼ ਕਰਨਾ ਆਦਿ।
ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਬਿਮਾਰੀ ਇਲਾਜ਼ਯੋਗ ਹੈ ਅਤੇ ਇਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨ•ਾਂ ਕਿਹਾ ਕਿ ਲੋਕਾਂ ਨੂੰ ਸੋਸ਼ਲ ਮੀਡੀਆ ‘ਤੇ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ। ਜੇਕਰ ਭਵਿੱਖ ਵਿੱਚ ਜ਼ਿਲ•ਾ ਲੁਧਿਆਣਾ ਵਿੱਚ ਅਜਿਹਾ ਕੋਈ ਮਾਮਲਾ ਸਾਹਮਣੇ ਆਉਂਦਾ ਵੀ ਹੈ ਤਾਂ ਜ਼ਿਲ•ਾ ਪ੍ਰਸਾਸ਼ਨ ਵੱਲੋਂ ਇਸ ਲਈ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ।