ਸਰਕਾਰ ਨੂੰ ਨਹੀਂ ਪਤਾ ਕਿਸ ਨੇ ਬਣਾਈ ਅਰੋਗਿਆ ਸੇਤੂ ਐਪ, ਸੂਚਨਾ ਕਮਿਸ਼ਨ ਨੇ ਭੇਜਿਆ ਨੋਟਿਸ

ਨਵੀਂ ਦਿੱਲੀ, 28 ਅਕਤੂਬਰ (ਨਿਊਜ਼ ਪੰਜਾਬ)- ਕੋਰੋਨਾ ਵਾਇਰਸ ਨੂੰ ਲੈ ਕੇ ਕੇਂਦਰ ਸਰਕਾਰ ਦੀ ਹਰ ਗਾਈਡਲਾਈਨ ‘ਚ ਅਰੋਗਿਆ ਸੇਤੂ ਐਪ ਦੀ ਵਰਤੋਂ ਕਰਨ ਦੀ ਸਲਾਹ ਹੁੰਦੀ ਹੈ ਪਰ ਹੁਣ ਇਸ ਐਪ ਨੂੰ ਲੈ ਕੇ ਇਕ ਹੈਰਾਨ ਕਰਨ ਵਾਲਾ ਖ਼ੁਲਾਸਾ ਹੋਇਆ ਹੈ। ਸਰਕਾਰ ਨੇ ਇਕ ਆਰ. ਟੀ. ਆਈ. ਦੇ ਜਵਾਬ ‘ਚ ਕਿਹਾ ਹੈ ਕਿ ਉਸ ਦੇ ਕੋਲ ਇਹ ਜਾਣਕਾਰੀ ਨਹੀਂ ਹੈ ਕਿ ਅਰੋਗਿਆ ਸੇਤੂ ਐਪ ਨੂੰ ਕਿਸ ਨੇ ਬਣਾਇਆ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਕੇਂਦਰੀ ਸੂਚਨਾ ਕਮਿਸ਼ਨ (ਸੀ. ਆਈ. ਸੀ.) ਨੇ ਨੈਸ਼ਨਲ ਇਨਫਾਰਮੈਟਿਕ ਸੈਂਟਰ, ਮਨਿਸਟਰੀ ਆਫ਼ ਇਲੈੱਕਟ੍ਰਾਨਿਕ, ਨੈਸ਼ਨਲ ਈ-ਗਵਰਨੈਂਸ ਡਿਵੀਜ਼ਨ ਅਤੇ ਪਬਲਿਕ ਇਨਫਰਮੇਸ਼ਨ ਆਫ਼ੀਸਰਜ਼ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਹੈ। ਕੇਂਦਰੀ ਸੂਚਨਾ ਕਮਿਸ਼ਨ ਨੇ ਇਨ੍ਹਾਂ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਨੋਟਿਸ ਭੇਜ ਕੇ ਪੁੱਛਿਆ ਹੈ ਕਿ ਜਿਸ ਅਰੋਗਿਆ ਸੇਤੂ ਐਪ ਦੀ ਵਰਤੋਂ ਕਰੋੜਾਂ ਲੋਕ ਕਰ ਰਹੇ ਹਨ, ਉਸ ਐਪ ਨੂੰ ਲੈ ਕੇ ਆਰ. ਟੀ. ਆਈ. ‘ਚ ਪੁੱਛੇ ਗਏ ਸਵਾਲ ਦਾ ਸਾਫ਼ ਜਵਾਬ ਕਿਉਂ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਸੀ. ਆਈ. ਸੀ. ਨੇ ਨੈਸ਼ਨਲ ਇਨਫਾਰਮੈਟਿਕ ਸੈਂਟਰ (ਐਨ. ਆਈ. ਸੀ.) ਕੋਲੋਂ ਪੁੱਛਿਆ ਹੈ ਕਿ ਜਦੋਂ ਅਰੋਗਿਆ ਸੇਤੂ ਐਪ ‘ਚ ਸਾਫ਼-ਸਾਫ਼ ਲਿਖਿਆ ਹੈ ਕਿ ਇਸ ਨੂੰ ਐਨ. ਆਈ. ਸੀ. ਨੇ ਡੈਵਲਪ ਅਤੇ ਡਿਜ਼ਾਈਨ ਕੀਤਾ ਹੈ ਤਾਂ ਅਜਿਹੇ ‘ਚ ਕਿਵੇਂ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਸ ਐਪ ਨੂੰ ਕਿਸ ਨੇ ਬਣਾਇਆ ਹੈ।