ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ ‘ਤੇ ਹਮਲਾ, ਕਿਹਾ- ਪਹਿਲੀ ਵਾਰ ਦੁਸਹਿਰੇ ਮੌਕੇ ਰਾਵਣ ਦੀ ਥਾਂ ਸੜਿਆ ਮੋਦੀ ਦਾ ਪੁਤਲਾ
ਪਟਨਾ, 28 ਅਕਤੂਬਰ (ਨਿਊਜ਼ ਪੰਜਾਬ)- ਬਿਹਾਰ ‘ਚ ਵੋਟਿੰਗ ਵਿਚਾਲੇ ਅੱਜ ਜੰਮ ਕੇ ਚੋਣ ਪ੍ਰਚਾਰ ਚੱਲ ਰਿਹਾ ਹੈ। ਸੱਤਾ ਧਿਰ ਅਤੇ ਵਿਰੋਧੀ ਧਿਰ ਦੋਹਾਂ ਵਲੋਂ ਹੀ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਪੱਛਮੀ ਚੰਪਾਰਣ ‘ਚ ਰੈਲੀ ਕਰਕੇ ਮਹਾਂਗਠਜੋੜ ਲਈ ਵੋਟਾਂ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਨਿਤਿਸ਼ ਕੁਮਾਰ ‘ਤੇ ਨਿਸ਼ਾਨੇ ਵੀ ਸਾਧੇ। ਪੰਜਾਬ ‘ਚ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੋ ਰਹੇ ਵਿਰੋਧ ਨੂੰ ਲੈ ਕੇ ਰਾਹੁਲ ਗਾਂਧੀ ਨੇ ਕਿਹਾ, ”ਆਮ ਤੌਰ ‘ਤੇ ਦੁਸਹਿਰੇ ਮੌਕੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜੇ ਜਾਂਦੇ ਹਨ। ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਪੰਜਾਬ ‘ਚ ਦੁਸਹਿਰੇ ਮੌਕੇ ਨਰਿੰਦਰ ਮੋਦੀ ਜੀ, ਅੰਬਾਨੀ ਜੀ, ਅੰਡਾਨੀ ਜੀ ਦੇ ਪੁਤਲੇ ਸਾੜੇ ਗਏ। ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਹਨ ਅਤੇ ਦੁੱਖ ਦੀ ਗੱਲ ਹੈ ਕਿ ਦੁਸਹਿਰੇ ‘ਤੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ ਗਿਆ।” ਰਾਹੁਲ ਗਾਂਧੀ ਨੇ ਅੱਗੇ ਕਿਹਾ, ”ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣਾਂ ‘ਚ ਨਹੀਂ ਕਿਹਾ ਕਿ ਉਹ 2 ਕਰੋੜ ਨੌਜਵਾਨਾਂ ਨੂੰ ਨੌਕਰੀ ਦੇਣਗੇ। ਉਨ੍ਹਾਂ ਨੂੰ ਪਤਾ ਹੈ ਕਿ ਉਹ ਝੂਠ ਬੋਲ ਰਹੇ ਹਨ ਅਤੇ ਲੋਕਾਂ ਨੂੰ ਵੀ ਇਹ ਪਤਾ ਹੈ। ਮੈਂ ਗਾਰੰਟੀ ਦਿੰਦਾ ਹਾਂ, ਜੇਕਰ ਪ੍ਰਧਾਨ ਮੰਤਰੀ ਇੱਥੇ ਆਏ ਅਤੇ ਕਹਿਣਗੇ ਕਿ ਉਹ 2 ਕਰੋੜ ਨੌਕਰੀਆਂ ਦੇਣਗੇ, ਭੀੜ ਉਨ੍ਹਾਂ ਨੂੰ ਬਾਹਰ ਕਰ ਦੇਵੇਗੀ।”