ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਨੂੰ ਐਂਬੁਲੈਂਸ ਅਤੇ ਸ਼ਵ ਵੈਨ ਭੇਂਟ
ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੇ ਕੀਤਾ ਟਰੱਸਟ ਦਾ ਧੰਨਵਾਦ
ਤਰਨ ਤਾਰਨ, 22 ਅਕਤੂਬਰ (ਨਿਊਜ਼ ਪੰਜਾਬ)-ਬੀਤੇ ਦਿਨੀਂ ਪੱਟੀ ਫੇਰੀ ਦੌਰਾਨ ਕੀਤੇ ਵਾਅਦੇ ਮੁਤਾਬਕ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ. ਪੀ. ਸਿੰਘ ਓਬਰਾਏ ਵੱਲੋਂ ਲੋੜਵੰਦਾਂ ਦੀ ਸਹੂਲਤ ਲਈ ਜਿਲ੍ਹਾ ਤਰਨ ਤਾਰਨ ਇੱਕ ਐਂਬੁਲੈਂਸ ਅਤੇ ਇੱਕ ਸ਼ਵ ਵੈਨ ਭੇਟ ਕੀਤੀਆਂ ਗਈਆਂ ਹਨ । ਇਹਨਾਂ ਵਾਹਨਾਂ ਚੋਂ ਐਂਬੁਲੈਂਸ ਸਿਵਲ ਹਸਪਤਾਲ ਤਰਨ ਤਾਰਨ ਨੂੰ ਅਤੇ ਸ਼ਵ ਵੈਨ ਸ਼ਹੀਦ ਕਰਤਾਰ ਸਿੰਘ ਸਰਾਭਾ ਹੇਲਪਿੰਗ ਹੈਂਡ ਸੁਸਾਇਟੀ ਪੱਟੀ ਨੂੰ ਦਿੱਤੀਆਂ ਗਈਆਂ ਹਨ ।
ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਚ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ ਵਾਹਨਾਂ ਦੀਆਂ ਚਾਬੀਆਂ ਦਿੰਦੇ ਹੋਏ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸ ਧੁੰਨਾ ਨੇ ਦੱਸਿਆ ਕਿ ਪਿਛਲੇ ਦਿਨੀਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ. ਪੀ. ਸਿੰਘ ਉਬਰਾਏ ਦੀ ਪੱਟੀ ਫੇਰੀ ਦੌਰਾਨ ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਵੱਲੋਂ ਇੱਕ ਐਂਬੁਲੈਂਸ ਅਤੇ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਵਲੋਂ ਸ਼ਵ ਵੈਨ ਦੀ ਮੰਗ ਕੀਤੀ ਗਈ ਸੀ ਉਸ ਮੰਗ ਨੂੰ ਪੂਰਾ ਕਰਦਿਆਂ ਡਾ. ਓਬਰਾਏ ਵੱਲੋਂ ਆਪਣੀ ਸਿਹਤ ਨਾ ਠੀਕ ਹੋਣ ਦੇ ਬਾਵਜੂਦ ਵੀ ਜਿਲ੍ਹਾ ਤਰਨ ਤਾਰਨ ਨੂੰ ਉਕਤ ਵਾਹਨ ਮੁਹੱਈਆ ਕਰਵਾਏ ਗਏ ਹਨ ਤਾਂ ਕਿ ਜਿਲ੍ਹੇ ਦੇ ਲੋਕਾਂ ਦੀਆਂ ਸਿਹਤ ਸਹੂਲਤਾਂ ਚ ਕੋਈ ਰੁਕਾਵਟ ਪੈਦਾ ਨਾ ਹੋ ਸਕੇ । ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਟਰੱਸਟ ਵੱਲੋਂ ਡਾਇਲਸਿਸ ਨੂੰ ਮਹਿੰਗਾ ਹੁੰਦਾ ਵੇਖ ਕੇ ਪਿਛਲੇ ਕੁਝ ਸਾਲ ਤੋਂ ਲੋਕਾਂ ਨੂੰ ਮੁਫ਼ਤ ਡਾਇਲਸਿਸ ਮੁਹੱਈਆ ਕਰਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਜਿਸ ਤਹਿਤ ਸਰਕਾਰੀ ਹਸਪਤਾਲਾਂ ਵਿਚ ਮਸ਼ੀਨਾਂ ਦੀ ਘਾਟ ਨੂੰ ਵੇਖਦਿਆਂ ਹੋਇਆਂ ਮੁਫ਼ਤ ਮਸ਼ੀਨਾ ਲਗਾਉਣ ਦੀ ਸ਼ੁਰੂ ਟਰੱਸਟ ਨੇ ਆਪਣੇ ਤੌਰ ‘ਤੇ ਕੀਤੀ ਸੀ। ਇਸੇ ਲੜੀ ਤਹਿਤ ਪੱਟੀ-ਤਰਨਤਾਰਨ ਖੇਤਰ ਦੇ ਲੋਕਾਂ ਦੀ ਮੰਗ ਨੂੰ ਪੂਰਾ ਕਰਦਿਆਂ 2 ਡਾਇਲਸਿਸ ਮਸ਼ੀਨਾਂ ਸਿਵਲ ਹਸਪਤਾਲ ਪੱਟੀ ਵਿਖੇ ਲਗਾਈਆ ਗਈਆਂ ਹਨ ਮਸ਼ੀਨਾਂ ਜਿਨ੍ਹਾਂ ਨੂੰ ਮਿਲਾ ਕੇ ਹੁਣ ਤਕ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਚ ਕੁੱਲ 108 ਲੱਗ ਚੁੱਕੀਆ ਹਨ । ਇਸ ਤੋਂ ਇਲਾਵਾ 192 ਮਸ਼ੀਨਾ ਪੰਜਾਬ, ਹਿਮਾਚਲ, ਹਰਿਆਣਾ, ਰਾਜਸਥਾਨ ਅਤੇ ਹੋਰਨਾਂ ਸੂਬਿਆਂ ਵਿਚ ਲਗਾਈਆਂ ਗਈਆਂ ਹਨ । ਉਹਨਾਂ ਕਿਹਾ ਕਿ ਪੱਟੀ-ਤਰਨਤਾਰਨ ਖੇਤਰ ਵਿਚ ਜਿਆਦਾਤਰ ਗਰੀਬ ਤਬਕੇ ਨਾਲ ਸੰਬਧਿਤ ਲੋਕ ਰਹਿੰਦੇ ਹਨ, ਜੋ ਟੈਸਟ ਅਤੇ ਇਲਾਜ ਨਹੀਂ ਕਰਵਾ ਸਕਦੇ, ਉਹਨਾਂ ਦੀ ਸੁਵਿਧਾ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਐੱਸ. ਪੀ. ਸਿੰਘ ਉਬਰਾਏ ਦੀ ਅਗਵਾਈ ਹੇਠ ਪੱਟੀ ਅਤੇ ਹੋਰਨਾਂ ਖੇਤਰਾਂ ਵਿਚ ਲੈਬੋਰਟਰੀਆਂ ਖੋਲੀਆਂ ਗਈਆਂ ਹਨ ਅਤੇ ਛੇਤੀ ਹੀ ਤਰਨਤਾਰਨ ਵਿਚ ਵੀ ਲੈਬੋਰਟਰੀ ਖੋਲੀ ਜਾਵੇਗੀ । ਉਹਨਾਂ ਕਿਹਾ ਕਿ ਉਕਤ ਵਾਹਨ ਕੋਵਿਡ-19 ਦੌਰਾਨ ਲੋਕਾਂ ਲਈ ਬੇਹੱਦ ਲਾਹੇਵੰਦ ਸਾਬਿਤ ਹੋਣਗੇ । ਇਸ ਮੌਕੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਧੂਰੀ ਨੇ ਐਸਪੀ ਸਿੰਘ ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕੋਵਿਡ-19 ਦੇ ਭੈੜੇ ਦੌਰ ਨੂੰ ਦੇਖਦਿਆਂ ਡਾ. ਓਬਰਾਏ ਪਾਸੋ ਪ੍ਰਸਾਸ਼ਨ ਦੀ ਸਹਾਇਤਾ ਲਈ ਉਕਤ ਵਾਹਨਾਂ ਦੀ ਮੰਗ ਕੀਤੀ ਜਿਸਤੋਂ ਬਾਅਦ ਟਰੱਸਟ ਵਲੋਂ ਬਹੁਤ ਹੀ ਥੋੜੇ ਜਿਹੇ ਸਮੇਂ ਇਸ ਮੰਗ ਨੂੰ ਪੂਰਾ ਕਰਦਿਆਂ ਅੱਜ ਦੋਵੇਂ ਵਾਹਨ ਤਰਨ ਤਾਰਨ ਪ੍ਰਸਾਸ਼ਨ ਨੂੰ ਭੇਜ ਦਿੱਤੇ ਗਏ ਹਨ ਜਿਨ੍ਹਾਂ ਚੋਂ ਐਂਬੁਲੈਂਸ ਦੀ ਦੇਖ ਰੇਖ ਸਿਵਲ ਹਸਪਤਾਲ ਤਰਨ ਤਾਰਨ ਕਰੇਗਾ ਅਤੇ ਸ਼ਵ ਵੈਨ ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਇਟੀ ਪੱਟੀ ਕਰੇਗੀ ।ਉਹਨਾਂ ਕਿਹਾ ਕਿ ਮੈਂ ਜਿਲ੍ਹਾ ਤਰਨ ਤਾਰਨ ਵਾਸੀਆਂ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਓਬਰਾਏ ਦਾ ਧੰਨਵਾਦ ਕਰਦਾ ਹਾਂ । ਇਸ ਮੌਕੇ ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ, ਏ. ਡੀ. ਸੀ. ਜਗਵਿੰਦਰਜੀਤ ਸਿੰਘ ਗਰੇਵਾਲ, ਟਰੱਸਟ ਦੇ ਜਿਲ੍ਹਾ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਪਨਗੋਟਾ, ਜਿਲ੍ਹਾ ਖਜਾਨਚੀ ਇੰਦਰਪ੍ਰੀਤ ਸਿੰਘ ਧਾਮੀ, ਵਿਸ਼ਾਲ ਸੂਦ, ਪ੍ਰੈਸ ਸਕੱਤਰ ਕੇਪੀ ਗਿੱਲ, ਜਿਲ੍ਹਾ ਤਰਨ ਤਾਰਨ ਦੇ ਇੰਚਾਰਜ ਦਿਲਬਾਗ ਸਿੰਘ ਯੋਧਾ, ਮਨਿੰਦਰ ਸਿੰਘ, ਕੁਲਜਿੰਦਰ ਸਿੰਘ, ਕੁਲਵਿੰਦਰ ਸਿੰਘ, ੳੱਜਵਲ ਪ੍ਰੀਤ ਸਿੰਘ, ਅਮਰਜੀਤ ਸਿੰਘ ਝਬਾਲ, ਰਣਜੀਤ ਸਿੰਘ ਰਾਣਾ, ਬਲਜੀਤ ਸਿੰਘ ਬਿੱਟੂ ਅਤੇ ਦੀਵਾਨ ਸਿੰਘ ਨਵਰੂਪ ਸੰਧੂ, ਸਤਨਾਮ ਸਿੰਘ ਆਦਿ ਹਾਜ਼ਿਰ ਸਨ।