ਕੋਲੇ ਦੀ ਘਾਟ ਕਾਰਨ ਤਲਵੰਡੀ ਸਾਬੋ ਤਾਪ ਘਰ ਬਣਾਂਵਾਲੀ ਬੰਦ
ਮਾਨਸਾ, 21 ਅਕਤੂਬਰ (ਨਿਊਜ਼ ਪੰਜਾਬ)- ਕੋਲੇ ਦੀ ਘਾਟ ਕਾਰਨ ਜ਼ਿਲ੍ਹੇ ਦੇ ਪਿੰਡ ਬਣਾਂਵਾਲੀ ਵਿਖੇ ਸਥਾਪਿਤ ਤਲਵੰਡੀ ਸਾਬੋ ਤਾਪ ਘਰ ‘ਚ ਬੀਤੀ ਰਾਤ ਤੋਂ ਬਿਜਲੀ ਉਤਪਾਦਨ ਬੰਦ ਹੋ ਗਿਆ ਹੈ। ਵੇਦਾਤਾਂ ਕੰਪਨੀ ਦੀ ਨਿੱਜੀ ਭਾਈਵਾਲ ਵਾਲਾ ਇਹ ਪਲਾਂਟ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਤਾਪ ਘਰ ਹੈ। 1980 ਮੈਗਾਵਾਟ ਦੀ ਸਮਰੱਥਾ ਵਾਲੇ ਇਸ ਪਲਾਂਟ ਦੇ ਉੱਚ ਅਧਿਕਾਰੀਆਂ ਨੇ ਪਲਾਂਟ ਬੰਦ ਹੋਣ ਦੀ ਪੁਸ਼ਟੀ ਕੀਤੀ ਹੈ। ਦੱਸਣਾ ਬਣਦਾ ਹੈ ਕਿ ਥਰਮਲ ਪਲਾਂਟ ਅੱਗੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਪਿਛਲੇ 13 ਦਿਨਾਂ ਤੋਂ ਧਰਨਾ ਲਗਾਇਆ ਹੋਇਆ ਹੈ ਜਦਕਿ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਪਟੜੀਆਂ ‘ਤੇ ਚੱਲ ਰਹੇ ਪ੍ਰਦਰਸ਼ਨ ਕਾਰਨ ਪਿਛਲੇ 21 ਦਿਨਾਂ ਤੋਂ ਕੋਲੇ ਦੀ ਆਮਦ ਨਹੀਂ ਹੋ ਰਹੀ।