ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸੀਟੂ ਤੇ ਆਂਗਣਵਾੜੀ ਮੁਲਾਜ਼ਮ ਜਥੇਬੰਦੀਆਂ ਵੱਲੋਂ ਕੌਮੀ ਮਾਰਗ ਕੀਤੇ ਗਏ ਠੱਪ

ਗੁਰੂਸਰ ਸੁਧਾਰ (ਲੁਧਿਆਣਾ)/ ਸ਼ੁਤਰਾਣਾ (ਪਟਿਆਲਾ), 21 ਅਕਤੂਬਰ (ਨਿਊਜ਼ ਪੰਜਾਬ) – ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਵਿਵਾਦਿਤ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੀ ਹਮਾਇਤ ਕਰ ਰਹੀ ਜਥੇਬੰਦੀ ਸੀਟੂ ਵੱਲੋਂ ਅੱਜ ਦਿੱਤੇ ਗਏ ਸੱਦੇ ਤਹਿਤ ਕਸਬਾ ਗੁਰੂਸਰ ਸੁਧਾਰ ਵਿਖੇ ਲੁਧਿਆਣਾ ਬਠਿੰਡਾ ਰਾਜ ਮਾਰਗ ਉੱਪਰ ਇਕ ਘੰਟੇ ਲਈ ਧਰਨਾ ਦੇ ਕੇ ਸਮੁੱਚੀ ਆਵਾਜਾਈ ਠੱਪ ਕਰ ਦਿੱਤੀ। ਧਰਨੇ ਵਿਚ ਸੀਟੂ ਆਗੂਆਂ ਤੇ ਵਰਕਰਾਂ ਸਮੇਤ ਭਾਰੀ ਗਿਣਤੀ ਵਿਚ ਆਂਗਣਵਾੜੀ ਤੇ ਆਸ਼ਾ ਵਰਕਰ ਮਹਿਲਾਵਾਂ ਵੱਲੋਂ ਆਪਣੀ ਸ਼ਮੂਲੀਅਤ ਕੀਤੀ ਗਈ। ਇਸ ਤੋਂ ਇਲਾਵਾ , ਜ਼ਿਲ੍ਹਾ ਪਟਿਆਲਾ ਦੇ ਸ਼ੁਤਰਾਣਾ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਵਿਚ ਜਿੱਥੇ ਬਹੁਤ ਸਾਰੀਆਂ ਜਥੇਬੰਦੀਆਂ ਸ਼ਾਮਲ ਹਨ, ਉੱਥੇ ਹੀ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੀ ਸ਼ਾਮਲ ਹੋ ਗਈ ਹੈ, ਜਿਸ ਨੇ ਅੱਜ ਦਿੱਲੀ-ਸੰਗਰੂਰ ਕੌਮੀ ਮਾਰਗ ਉੱਤੇ ਕਸਬਾ ਸ਼ੁਤਰਾਣਾ ਦੇ ਨੇੜੇ ਟੋਲ ਪਲਾਜ਼ਾ ਉੱਪਰ ਕਿਸਾਨ ਜਥੇਬੰਦੀਆਂ ਵੱਲੋਂ ਲਾਏ ਅਣਮਿਥੇ ਸਮੇਂ ਦੇ ਧਰਨੇ ਵਿਚ ਸ਼ਾਮਲ ਹੋ ਕੇ ਆਵਾਜਾਈ ਨੂੰ ਠੱਪ ਕਰ ਦਿੱਤੀ। ਇਸ ਸਬੰਧੀ ਆਂਗਣਵਾੜੀ ਮੁਲਾਜ਼ਮ ਜਥੇਬੰਦੀ ਦੀ ਸੂਬਾ ਪ੍ਰਧਾਨ ਊਸ਼ਾ ਰਾਣੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਕਿਸਾਨ ਮਾਰੂ ਕਾਨੂੰਨ ਦੇ ਖ਼ਿਲਾਫ਼ ਉਨ੍ਹਾਂ ਦੀ ਜਥੇਬੰਦੀ ਨੇ ਇਸ ਸੰਘਰਸ਼ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ ਤੇ ਇਸ ਕਾਨੂੰਨ ਨੂੰ ਖ਼ਤਮ ਕਰਨ ਲਈ ਤਿੱਖਾ ਸੰਘਰਸ਼ ਕੀਤਾ ਜਾਵੇਗਾ।