ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ “ਸਾਡਾ ਪਿੰਡ ਸਾਡੀ ਜ਼ਿੰਮੇਵਾਰੀ, ਕੋਈ ਅੱਗ ਨਾ ਧੂੰਆਂ ਇਸ ਵਾਰੀ ” ਨਾਅਰੇ ਤਹਿਤ ਜਾਗਰੂਕਤਾ ਮੁਹਿੰਮ ਨੂੰ ਤੇਜ਼ ਕਰਨ ਲਈ ਕੀਤੀ ਗਈ ਅਹਿਮ ਮੀਟਿੰਗ
ਤਰਨ ਤਾਰਨ, 20 ਅਕਤੂਬਰ (ਨਿਊਜ਼ ਪੰਜਾਬ)-ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਸ਼੍ਰੀ ਕੁਲਜੀਤ ਸਿੰਘ ਸੈਣੀ, ਸਕਾਊਟਾਂ/ਗਾਈਡਾਂ ਅਤੇ ਨਹਿਰੂ ਯੁਵਾ ਕੇਂਦਰ ਦੇ ਨੁਮਾਇੰਦਿਆਂ ਨਾਲ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਜਾਗਰੂਕਤਾ ਮੁਹਿੰਮ ਨੂੰ ਹੋਰ ਤੇਜ਼ ਕਰਨ ਬਾਰੇ ਅਹਿਮ ਮੀਟਿੰਗ ਕੀਤੀ ਗਈ। ਇਸ ਦੌਰਾਨ ਉਹਨਾਂ ਸਕਾਊਟਾਂ/ਗਾਈਡਾਂ ਅਤੇ ਨਹਿਰੂ ਯੁਵਾ ਕੇਂਦਰ ਦੇ ਨੁਮਾਇੰਦਿਆਂ ਨੂੰ ਇਹ ਹਦਾਇਤ ਜਾਰੀ ਕੀਤੀ ਕਿ ਆਪਣੀਆਂ ਟੀਮਾਂ ਦਾ ਤਾਲਮੇਲ ਖੇਤੀਬਾੜੀ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਕਰਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕੀਤਾ ਜਾਵੇ। ਉਹਨਾਂ ਦਿਸ਼ਾ-ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਪਿਛਲੇ ਸਾਲਾਂ ਦੌਰਾਨ ਵੱਧ ਅੱਗ ਲਗਾਉਣ ਵਾਲੇ 20-25 ਪਿੰਡਾਂ ਵਿੱਚ ਮੁੱਖ ਤੌਰ ‘ਤੇ ਮੁਹਿੰਮ ਚਲਾਈ ਜਾਵੇ । ਇਸਦੇ ਨਾਲ ਹੀ ਮੀਟਿੰਗ ਵਿੱਚ ਮੌਜ਼ੂਦ ਸਹਾਇਕ ਕਮਿਸ਼ਨਰ ਜਨਰਲ ਸ਼੍ਰੀ ਅਮਨਪ੍ਰੀਤ ਸਿੰਘ ਨੇ ਜਾਗਰੂਕਤਾ ਮੁਹਿੰਮ ਨੂੰ ਵਧੀਆ ਤਰੀਕੇ ਨਾਲ ਚਲਾਉਣ ਲਈ ਵੱਖ-ਵੱਖ ਪਿੰਡਾਂ ਵਿੱਚ ਜਾਣ ਲਈ ਸ਼ਡਿਊਲ ਬਣਾਉਣ ਲਈ ਆਖਿਆ ਅਤੇ ਬਲਾਕ ਖੇਤੀਬਾੜੀ ਅਫ਼ਸਰਾਂ ਨਾਲ ਸੰਪਰਕ ਕਰਕੇ ਮੁਹਿੰਮ ਨੂੰ ਨੇਪਰੇ ਚਾੜ੍ਹਨ ਲਈ ਹਦਾਇਤਾਂ ਜਾਰੀ ਕੀਤੀਆਂ।ਇਸਦੇ ਨਾਲ ਹੀ ਉਹਨਾਂ ਖੇਤੀਬਾੜੀ ਵਿਭਾਗ ਵੱਲੋਂ ਛਾਪੇ ਗਏ ਲਿਟਰੇਚਰ ਨੂੰ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚਾਉਣ ਲਈ ਆਖਿਆ । ਮੁੱਖ ਖੇਤੀਬਾੜੀ ਅਫ਼ਸਰ, ਤਰਨ ਤਾਰਨ ਵੱਲੋਂ ਵੀ ਸਕਾਊਟਾਂ ਨੂੰ ਪਰਾਲੀ ਨਾ ਸਾੜਨ ਦੇ ਫ਼ਾਇਦਿਆਂ ਬਾਰੇ ਸਮਝਾਇਆ ਗਿਆ ਅਤੇ ਪਰਾਲੀ ਸਾਂਭਣ ਲਈ ਜੇਕਰ ਕਿਸੇ ਕਿਸਾਨ ਨੂੰ ਬੇਲਰ ਦੀ ਜ਼ਰੂਰਤ ਪੈਂਦੀ ਹੈ ਤਾਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ ਲਈ ਕਿਹਾ ਗਿਆ ।