ਈ.ਓ. ਬਸੀ ਪਠਾਣਾਂ ਨੇ ਟੈਕਸ ਨਾ ਭਰਨ ਵਾਲੇ ਪੀ.ਐਨ.ਬੀ. ਬੈਂਕ ਨੂੰ ਕਰਵਾਇਆ ਸੀਲ
ਫ਼ਤਿਹਗੜ੍ਹ ਸਾਹਿਬ, 20 ਅਕਤੂਬਰ (ਨਿਊਜ਼ ਪੰਜਾਬ) : ਜਿਸ ਦਿਨ ਤੋਂ ਬਸੀ ਪਠਾਣਾਂ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਵਜੋਂ ਮਨਜੀਤ ਸਿੰਘ ਢੀਂਡਸਾ ਨੇ ਕਾਰਜਭਾਰ ਸੰਭਾਲਿਆ ਹੈ ਉਦੋਂ ਤੋਂ ਹੀ ਸ਼ਹਿਰ ਨੂੰ ਸੁੰਦਰ ਬਣਾਉਣ ਅਤੇ ਕੂੜਾ-ਕਰਕਟ ਮੁਕਤ ਕਰਨ ਲਈ ਉਨਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਉਹ ਸ਼ਹਿਰ ਵਾਸੀਆਂ ‘ਚ ਚਰਚਿਤ ਹਨ। ਈ.ਓ. ਢੀਂਡਸਾ ਵੱਲੋਂ ਵਿਰਾਸਤੀ ਸ਼ਹਿਰ ਬਸੀ ਪਠਾਣਾ ‘ਚ ਆਉਂਦੇ ਸਾਰ ਹੀ ਪਹਿਲਾਂ ਸਫਾਈ ਕਾਰਜ ਵੱਢੇ ਪੱਧਰ ‘ਤੇ ਸ਼ੁਰੂ ਕਰਵਾ ਕੇ ਕੌਂਸਲ ਕਰਮਚਾਰੀਆਂ ਖਾਸ ਕਰ ਸਫਾਈ ਕਾਮਿਆਂ ਦੀ ਸਮੇਂ-ਸਮੇਂ ਕੌਂਸਲਿੰਗ ਕਰਕੇ ਉਨਾਂ ਨੂੰ ਉਤਸ਼ਾਹਿਤ ਕਰਦਿਆਂ ਸ਼ਹਿਰ ਨੂੰ ਸੁੰਦਰ ਬਣਾਉਣ ਦਾ ਬੀੜਾ ਚੁੱਕਿਆ ਗਿਆ ਜਿਸ ‘ਚ ਬਸੀ ਪਠਾਣਾਂ ਵਾਸੀਆਂ ਵੱਲੋਂ ਵੀ ਉਨਾਂ ਨੂੰ ਭਰਪੂਰ ਸਹਿਯੋਗ ਮਿਲਣਾ ਸ਼ੁਰੂ ਹੋ ਗਿਆ। ਉਨਾਂ ਵੱਲੋਂ ਕੂੜਾ ਕਰਕਟ ਚੁੱਕਣ ਵਾਲੀਆਂ ਗੱਡੀਆਂ ਅਤੇ ਕੌਂਸਲ ਕਰਮਚਾਰੀਆਂ ਨੂੰ ਜੀ.ਪੀ.ਐਸ. ਪ੍ਰਣਾਲੀ ਨਾਲ ਜੋੜ ਕੇ ਸਿਸਟਮ ਨੂੰ ਚੁਸਤ ਦਰੁਸਤ ਕੀਤਾ ਗਿਆ ਜਿਸਦੇ ਚੰਗੇ ਨਤੀਜੇ ਮਿਲਣੇ ਸ਼ੁਰੂ ਹੋ ਗਏ। ਫਿਰ ਉਨਾਂ ਵੱਲੋਂ ਸ਼ਹਿਰ ਵਾਸੀਆਂ ਨਾਲ ਕੌਂਸਲਰਾਂ ਰਾਹੀਂ ਰਾਬਤਾ ਕਰਕੇ ਨੁੱਕੜ ਮੀਟਿੰਗਾਂ ਕਰਕੇ ਪ੍ਰਾਪਰਟੀ ਟੈਕਸ ਭਰਨ ਲਈ ਜਨਤਾ ਨੂੰ ਪ੍ਰੇਰਿਆ ਗਿਆ ਤਾਂ ਜੋ ਟੈਕਸ ਦੇ ਪੈਸੇ ਨਾਲ ਸ਼ਹਿਰ ਦਾ ਵਿਕਾਸ ਹੋ ਸਕੇ। ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਦੇ ਮੇਨ ਬਾਜ਼ਾਰ ‘ਚ ਸਥਿਤ ਪੰਜਾਬ ਨੈਸ਼ਨਲ ਬੈਂਕ ਵੱਲ ਨਗਰ ਕੌਂਸਲ ਦਾ 7 ਸਾਲ ਦਾ ਪ੍ਰਾਪਰਟੀ ਟੈਕਸ ਬਕਾਇਆ ਸੀ ਜਿਸ ਦੀ ਰਕਮ 3 ਲੱਖ 35 ਹਜ਼ਾਰ 541 ਰੁਪਏ ਬਣਦੀ ਸੀ ਜਿਸ ਸਬੰਧੀ ਪੀ.ਐਨ.ਬੀ. ਅਧਿਕਾਰੀਆਂ ਅਤੇ ਬਿਲਡਿੰਗ ਦੇ ਮਾਲਕ ਨੂੰ ਕਈ ਨੋਟਿਸ ਵੀ ਕੱਢੇ ਗਏ ਤੇ ਉਨਾਂ ਦੇ ਧਿਆਨ ‘ਚ ਲਿਆਉਣ ‘ਤੇ ਐਸ.ਡੀ.ਐਮ. ਬਸੀ ਪਠਾਣਾਂ ਨੇ ਵੀ ਟੈਕਸ ਭਰਵਾਉਣ ਲਈ ਸਬੰਧਿਤ ਧਿਰ ਨੂੰ ਸਮਝਾਇਆ ਗਿਆ ਪਰ ਸਬੰਧਿਤ ਧਿਰ ਵੱਲੋਂ ਟੈਕਸ ਨਹੀਂ ਭਰਿਆ ਗਿਆ, ਜਿਸਦੇ ਚੱਲਦਿਆਂ ਅੱਜ ਸਵੇਰੇ ਈ.ਓ. ਮਨਜੀਤ ਸਿੰਘ ਢੀਂਡਸਾ ਨੇ ਮਿਊਂਸਿਪਲ ਐਕਟ ਅਤੇ ਪ੍ਰਾਪਰਟੀ ਟੈਕਸ ਐਕਟ ਅਧੀਨ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਨਗਰ ਕੌਂਸਲ ਟੀਮ ਨਾਲ ਜਾ ਕੇ ਪੀ.ਐਨ.ਬੀ. ਬੈਂਕ ਦੀ ਬਿਲਡਿੰਗ ਨੂੰ ਸੀਲ ਕਰ ਦਿੱਤਾ ਗਿਆ। ਉਨਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਮੇਂ ਸਿਰ ਟੈਕਸ ਭਰਵਾ ਕੇ ਸ਼ਹਿਰ ਦੇ ਵਿਕਾਸ ‘ਚ ਬਣਦਾ ਯੋਗਦਾਨ ਪਾ ਕੇ ਨਗਰ ਕੌਂਸਲ ਅਤੇ ਪ੍ਰਸ਼ਾਸ਼ਨ ਨੂੰ ਸਹਿਯੋਗ ਦਿੱਤਾ ਜਾਵੇ।