ਫ਼ਾਜ਼ਿਲਕਾ ਅਨਾਜ ਮੰਡੀ ‘ਚ ਝੋਨੇ ਦੀ ਲਿਫ਼ਟਿੰਗ ਨਾ ਹੋਣ ‘ਤੇ ਆੜ੍ਹਤੀ ਐਸੋਸੀਏਸ਼ਨ ਨੇ ਕੀਤਾ ਹਾਈਵੇ ਜਾਮ

ਫ਼ਾਜ਼ਿਲਕਾ, 19 ਅਕਤੂਬਰ (ਨਿਊਜ਼ ਪੰਜਾਬ)- ਫ਼ਾਜ਼ਿਲਕਾ ਦੀ ਮੁੱਖ ਅਨਾਜ ਮੰਡੀ ‘ਚ ਝੋਨੇ ਦੀ ਲਿਫ਼ਟਿੰਗ ਨਾ ਹੋਣ ‘ਤੇ ਮੰਡੀਆਂ ‘ਚ ਬੋਰੀਆਂ ਦੇ ਅੰਬਾਰ ਲਗ ਗਏ ਅਤੇ ਇਸ ਨੂੰ ਲੈ ਕੇ ਫ਼ਾਜ਼ਿਲਕਾ ਆੜ੍ਹਤੀ ਐਸੋਸੀਏਸ਼ਨ ਨੇ ਫ਼ਾਜ਼ਿਲਕਾ-ਅਬੋਹਰ ਰੋਡ ‘ਤੇ ਮੰਡੀ ਦੇ ਗੇਟ ਦੇ ਬਹਾਰ ਰੋਸ ਧਰਨਾ ਦਿੰਦਿਆਂ ਸੜਕੀ ਆਵਾਜਾਈ ਬੰਦ ਕਰ ਦਿੱਤੀ, ਜਿਸ ਨਾਲ ਯਾਤਾਯਾਤ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ। ਫ਼ਾਜ਼ਿਲਕਾ ਦੇ ਸਾਬਕਾ ਕਾਂਗਰਸੀ ਵਿਧਾਇਕ ਮਹਿੰਦਰ ਕੁਮਾਰ ਰਿਣਵਾ ਵੀ ਇਸ ਧਰਨੇ ‘ਚ ਸ਼ਾਮਿਲ ਹੋਏ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਓਮ ਸੇਤੀਆ ਅਤੇ ਹੋਰ ਆਗੂਆਂ ਦਾ ਕਹਿਣਾ ਹੈ ਕਿ ਕਾਂਗਰਸੀ ਆਗੂਆਂ ਦੀ ਆਪਸੀ ਲੜਾਈ ਦੇ ਚੱਲਦਿਆਂ ਆੜ੍ਹਤੀਆਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਲਿਫ਼ਟਿੰਗ ਨੂੰ ਲੈ ਕੇ ਕਾਂਗਰਸ ਦੇ ਦੋ ਗੁੱਟ ਆਪਸੀ ਖਹਿਬਾਜ਼ੀ ‘ਚ ਲੱਗੇ ਹੋਏ ਹਨ, ਜਿਸ ਕਾਰਨ ਮੰਡੀ ‘ਚ ਲਿਫ਼ਟਿੰਗ ਨਹੀਂ ਹੋ ਰਹੀ, ਜਿਸ ਨੂੰ ਲੈ ਕੇ ਆੜ੍ਹਤੀ ਐਸੋਸੀਏਸ਼ਨ ਡੀ. ਸੀ. ਅਤੇ ਲੀਡਰਾਂ ਨੂੰ ਵੀ ਮਿਲ ਚੁੱਕਿਆ ਹੈ ਪਰ ਕੋਈ ਹੱਲ ਨਹੀਂ ਹੋਇਆ, ਜਿਸ ਕਾਰਨ ਅੱਜ ਮੰਡੀ ‘ਚ ਝੋਨਾ ਰੱਖਣ ਦੀ ਥਾਂ ਨਹੀਂ ਹੈ ਤੇ ਮੰਡੀ ਵਿਚ ਕਰੀਬ 5 ਲੱਖ ਗੱਟਾ ਲਿਫ਼ਟਿੰਗ ਦੇ ਇੰਤਜ਼ਾਰ ਵਿਚ ਹੈ। ਉਨ੍ਹਾਂ ਕਿਹਾ ਝੋਨੇ ਦੀ ਲਿਫ਼ਟਿੰਗ ਨਾ ਹੋਣ ‘ਤੇ 17 ਪ੍ਰਤੀਸ਼ਤ ਨਮੀ ‘ਤੇ ਖ਼ਰੀਦ ਕੀਤਾ ਝੋਨਾ ਅੱਜ 13 ਪ੍ਰਤੀਸ਼ਤ ਨਮੀ ‘ਤੇ ਆ ਗਿਆ ਹੈ, ਜਿਸ ਦਾ ਹਰਜਾਨਾ ਸ਼ੈਲਰ ਅਤੇ ਏਜੰਸੀਆਂ ਵਾਲੇ ਆੜ੍ਹਤੀਆਂ ‘ਤੇ ਪਾਉਣਗੇ।