ਅਗਾਂਹਵਧੂ ਕਿਸਾਨ ਸ੍ਰੀ ਗੁਰਬਚਨ ਸਿੰੰਘ ਪਿਛਲੇ 10 ਸਾਲਾਂ ਤੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਏ ਬਿਨਾਂ ਹੈਪੀ ਸੀਡਰ ਨਾਲ ਕਰਦਾ ਹੈ ਕਣਕ ਦੀ ਬਿਜਾਈ

ਤਰਨ ਤਾਰਨ, 19 ਅਕਤੂਬਰ (ਨਿਊਜ਼ ਪੰਜਾਬ)-ਅਗਾਂਹਵਧੂ ਕਿਸਾਨ ਸ੍ਰੀ ਗੁਰਬਚਨ ਸਿੰੰਘ ਵਾਸੀ ਪਿੰਡ ਬੁਰਜ ਦੇਵਾ ਸਿੰਘ ਜ਼ਿਲਾ ਤਰਨ ਤਾਰਨ ਇਲਾਕੇ ਦੇ ਇੱਕ ਸਫਲ ਕਿਸਾਨ ਦੀ ਇੱਕ ਵਧੀਆ ਉਦਾਹਰਣ ਹੈ ਅਤੇ ਉਸਦਾ ਫਾਰਮ ਕਿਸਾਨਾਂ ਦੀ ਆਰਥਿਕ  ਹਾਲਤ ਸੁਧਾਰਨ ਲਈ ਇੱਕ ਆਦਰਸ਼ ਮਾਡਲ ਹੈ। ਉਸਦੀ 30 ਏਕੜ ਮਾਲਕੀ ਜ਼ਮੀਨ ਹੈ ਅਤੇ ਉਹ ਖੇਤੀਬਾੜੀ ਫਸਲਾਂ ਬੀਜਣ ਲਈ ਨਵੀਆਂ ਤਕਨੀਕਾਂ ਨੂੰ ਅਪਣਾਉਂਦਾ ਹੈ। ਇਸ ਕਿਸਾਨ ਨੇ ਆਪਣੇ ਇਲਾਕੇ ਦੇ ਹੋਰ ਕਿਸਾਨਾਂ ਲਈ ਇੱਕ ਮਿਸਾਲ ਪੇਸ ਕੀਤੀ ਹੈ ਕਿ ਖੇਤੀ ਦੇ ਨਾਲ-ਨਾਲ ਸਹਾਇਕ ਧੰਦਿਆਂ ਨੂੰ ਅਪਣਾ ਕੇ ਸਫਲਤਾ ਪ੍ਰਾਪਤ ਕੀਤੀ ਜਾ  ਸਕਦੀ ਹੈ। ਇਹ ਕਿਸਾਨ ਪਿਛਲੇ 10 ਸਾਲਾਂ ਤੋਂ ਫਸਲਾਂ ਦੀ ਰਹਿੰਦ ਖੂਹਦ ਨੂੰ ਅੱਗ ਲਗਾਏ ਬਿਨਾਂ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਦਾ ਆ ਰਿਹਾ ਹੈ ਅਤੇ ਬਹੁਤ ਘੱਟ ਮਾਤਰਾ ਵਿੱਚ ਖਾਦਾਂ ਦੀ ਵਰਤੋਂ ਕਰਦਾ ਹੈ। ਇਹ ਕਿਸਾਨ ਮੱਖੀ ਪਾਲਣ ਦਾ ਧੰਦਾ ਵੀ ਕਰਦਾ ਹੈ, ਇਸ ਕਿਸਾਨ ਨੇ 100 ਦੇ ਕਰੀਬ ਡੱਬੇ ਰੱਖੇ ਹੋਏ ਹਨ ਅਤੇ ਸ਼ਹਿਦ ਖੁਦ ਮਾਰਕੀਟਿੰਗ ਕਰਦਾ ਹੈ। ਇਸ ਕੋਲ 50 ਦੇ ਕਰੀਬ ਗਾਵਾਂ ਹਨ ਅਤੇ ਇਹ ਕਿਸਾਨ ਦੁੱਧ ਦੇ ਉਤਪਾਦ ਜਿਵੇ ਖੋਆ, ਪਨੀਰ, ਦਹੀਂ, ਕਰੀਮ ਆਦਿ ਬਣਾ ਕੇ ਮਾਰਕੀਟਿੰਗ ਕਰਦਾ ਹੈ। ਇਹ ਕਿਸਾਨ ਫਸਲੀ ਵਿਭਿੰਨਤਾ ਨੂੰ ਅਪਣਾਉਦੇ ਹੋਏ ਕਣਕ-ਝੋਨੇ ਦੀ ਜੈਵਿਕ ਖੇਤੀ ਦੇ ਨਾਲ-ਨਾਲ ਛੋਲੇ, ਦਾਲਾਂ ਅਤੇ ਸਬਜੀਆਂ ਦੀ ਕਾਸ਼ਤ ਕਰਦਾ ਹੈ। ਕੁਦਰਤੀ ਸੋਮਿਆਂ/ਜਲ, ਭੂਮੀ ਆਦਿ ਦੀ ਸੰਭਾਲ ਲਈ  ਜਮੀਨ ਹੇਠ ਦੱਬੀਆਂ ਪਾਈਪਾਂ ਰਾਹੀ, ਅਤੇ ਸਬਜੀਆਂ ਲਈ ਤੁਪਕਾ ਸਿੰਚਾਈ ਵੀ ਕਰਦਾ ਹੈ। ਇਸ ਕਿਸਾਨ ਦੇ ਖੇਤਾਂ ਵਿੱਚ ਟੀ. ਵੀ. ਪ੍ਰੋਗਰਾਮ ”ਮੇਰਾ ਪਿੰਡ , ਮੇਰੇ ਖੇਤ” ਵੀ  ਜਨਵਰੀ ਮਹੀਨਾ 2017 ਨੂੰ  ਆਯੋਜਿਤ ਕੀਤਾ ਗਿਆ। ਸਫ਼ਲ ਕਿਸਾਨ ਸ੍ਰੀ ਗੁਰਬਚਨ ਸਿੰਘ ਨੂੰ ਜ਼ਿਲਾ ਪ੍ਰਸ਼ਾਸਨ ਤਰਨ ਤਾਰਨ ਵੱਲੋ 26 ਜਨਵਰੀ ਦੇ ਦਿਨ ਸਨਮਾਨਿਤ ਵੀ ਕੀਤਾ ਗਿਆ ਹੈ। ਇਹ ਕਿਸਾਨ ਇਲਾਕੇ ਦੇ ਕਿਸਾਨਾਂ ਲਈ ਆਦਰਸ਼ ਮਿਸਾਲ ਹੈ।