ਅਕਾਲ ਯੂਥ ਦੀ ਸਥਾਪਨਾ ਹੋਈ, 5 ਮੈਂਬਰੀ ਸੁਪਰੀਮ ਕੌਂਸਲ ਕਰੇਗੀ ਅਗਵਾਈ
ਅੰਮ੍ਰਿਤਸਰ, 15 ਅਕਤੂਬਰ (ਨਿਊਜ਼ ਪੰਜਾਬ) – ਸਰਬੱਤ ਖ਼ਾਲਸਾ ਵੱਲੋਂ ਥਾਪੇ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਕਾਇਮ ਕੀਤੀ ਭਾਈ ਹਵਾਰਾ ਕਮੇਟੀ ਦੁਆਰਾ ਅੱਜ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਕੇ ਅਕਾਲ ਯੂਥ ਨਾਂ ਦੀ ਨੌਜਵਾਨਾਂ ਦੀ ਜਥੇਬੰਦੀ ਦੀ ਸਥਾਪਨਾ ਕੀਤੀ ਗਈ ਹੈ। ਭਾਈ ਹਵਾਰਾ ਕਮੇਟੀ ਦੇ ਮੁੱਖ ਬੁਲਾਰੇ ਪ੍ਰੋ. ਬਲਜਿੰਦਰ ਸਿੰਘ ਨੇ ਦੱਸਿਆ ਕਿ ਅਕਾਲ ਯੂਥ ਜਥੇਬੰਦੀ ਦਾ ਕੋਈ ਇਕ ਪ੍ਰਧਾਨ ਨਹੀਂ ਹੋਵੇਗਾ ਬਲਕਿ ਪੰਜ ਮੈਂਬਰੀ ਸੁਪਰੀਮ ਕੌਂਸਲ ਇਸ ਜਥੇਬੰਦੀ ਨੂੰ ਚਲਾਏਗੀ। ਜਿਨ੍ਹਾਂ ਵਿਚ ਜਸਵਿੰਦਰ ਸਿੰਘ ਰਾਜਪੁਰਾ, ਰਾਜਨਦੀਪ ਸਿੰਘ ਡੀਡੀਟੀ, ਸਤਵੰਤ ਸਿੰਘ ਪੱਟੀ, ਬਲਬੀਰ ਸਿੰਘ ਤਰਨਾ ਦਲ ਤੇ ਮਾਹਨ ਸਿੰਘ ਸ਼ਾਮਲ ਹਨ। ਮੁੱਖ ਬੁਲਾਰੇ ਨੇ ਦੱਸਿਆ ਕਿ ਬੜੀ ਜਲਦੀ ਹੀ ਅਕਾਲ ਯੂਥ ਜਥੇਬੰਦੀ ਦੀ ਜ਼ਿਲ੍ਹਾ ਪੱਧਰੀ ਇਕਾਈਆਂ ਬਣਾਈਆਂ ਜਾਣਗੀਆਂ। ਅੱਜ ਅਕਾਲ ਯੂਥ ਜਥੇਬੰਦੀ ਦੀ ਸਥਾਪਨਾ ਵੇਲੇ ਪੰਜਾਬ ਦੇ ਵੱਖ ਵੱਖ ਪਿੰਡਾਂ ਸ਼ਹਿਰਾਂ ਤੋਂ ਕਰੀਬ 500 ਦੇ ਕਰੀਬ ਸਿੱਖ ਨੌਜਵਾਨ ਵਿਰਾਸਤੀ ਮਾਰਗ ਅੰਮ੍ਰਿਤਸਰ ਵਿਖੇ ਪਹੁੰਚੇ ਹੋਏ ਸਨ।