ਲੱਖਾਂ ਰੁਪਏ ਦਾ ਕੱਪੜਾ ਵੇਚ ਕੇ ਫਰਾਰ ਹੋਇਆ ਸੁਪਰਵਾਈਜ਼ਰ
ਲੁਧਿਆਣਾ, 13 ਅਕਤੂਬਰ (ਨਿਊਜ਼ ਪੰਜਾਬ) : ਲੁਧਿਆਣਾ ਦੀ ਇੱਕ ਡਾਇੰਗ ਫੈਕਟਰੀ ਵਿਚ ਕੰਮ ਕਰਨ ਵਾਲਾ ਸੁਪਰਵਾਈਜ਼ਰ ਪਾਰਟੀਆਂ ਦਾ ਕੱਪੜਾ ਬਾਹਰ ਬਾਹਰ ਹੀ ਵੇਚਦਾ ਰਿਹਾ | ਉਸਨੇ ਲੱਖਾਂ ਰੁਪਏ ਦਾ ਕੱਪੜਾ ਚੋਰੀ ਨਾਲ ਵੇਚ ਦਿੱਤਾ | ਡਾਇੰਗ ਮਿੱਲ ਦੇ ਮਾਲਿਕ ਨੂੰ ਇਸਦਾ ਪਤਾ ਤੱਦ ਚੱਲਿਆ, ਜਦੋਂ ਪਾਰਟੀਆਂ ਨੇ ਰੰਗਾਈ ਵਾਲਾ ਕੱਪੜਾ ਵਾਪਿਸ ਨਾ ਭੇਜਣ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ | ਜਾਂਚ ਵਿਚ ਪਤਾ ਚੱਲਿਆ ਕਿ ਦੋਸ਼ੀ ਨੇ 5 ਲੱਖ ਰੁਪਏ ਤੋਂ ਜ਼ਿਆਦਾ ਦਾ ਮਾਲ ਬਾਹਰ ਵੇਚ ਦਿੱਤਾ | ਪੁਲਿਸ ਨੇ ਚੋਰੀ ਦੇ ਦੋਸ਼ਾਂ ਤਹਿਤ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨ ‘ਚ ਚੌੜਾ ਬਾਜ਼ਾਰ ਦੀ ਗੁਲਚਮਨ ਗਲੀ ਦੇ ਪੰਕਜ ਸੂਰੀ ਨੇ ਦੱਸਿਆ ਕਿ ਉਹ ਜਲੰਧਰ ਰੋਡ ਸਥਿਤ ਗ੍ਰੀਨਲੈਂਡ ਸਕੂਲ ਦੇ ਸਾਮ੍ਹਣੇ ਨਿਊ ਬੋਮਬੇ ਡਾਇੰਗ ਫੈਕਟਰੀ ‘ਚ ਮੈਨੇਜਰ ਹੈ | ਫੈਕਟਰੀ ‘ਚ ਸਲੇਮ ਟਾਬਰੀ ਦਾ ਜਿੰਮੀ ਨਾਮ ਦਾ ਇਕ ਨੌਜਵਾਨ ਪਿਛਲੇ 7 ਮਹੀਨਿਆਂ ਤੋਂ ਉਥੇ ਇਕ ਸੁਪਰਵਾਈਜ਼ਰ ਵਜੋਂ ਕੰਮ ਕਰ ਰਿਹਾ ਸੀ | 8 ਅਗਸਤ ਨੂੰ ਉਸ ਨੇ ਚੀਮਾ ਚੌਕ ਸਥਿਤ ਰੂਪ ਨਿਟਿੰਗ ਕਾਰਖਾਨੇ ‘ਚੋਂ ਚਿੱਟੇ ਰੰਗ ਦੇ 45 ਥਾਨ ਚੁੱਕੇ | ਪਰ ਉਨ੍ਹਾਂ ਨੂੰ ਫੈਕਟਰੀ ਤੱਕ ਲਿਆਉਣ ਦੇ ਬਜਾਏ ਬਾਹਰ ਕਿਸੀ ਨੂੰ ਵੇਚ ਦਿੱਤੇ | 17 ਅਗਸਤ ਨੂੰ ਵੀ ਉਸਨੇ ਪ੍ਰਣਵ ਟੂਲਰ ਤੋਂ 36 ਥਾਨ ਚੁੱਕੇ ਅਤੇ ਬਾਹਰ ਹੀ ਵੇਚ ਦਿੱਤੇ | ਮੈਨੇਜਰ ਦੇ ਅਨੁਸਾਰ ਉਸਨੂੰ ਪਤਾ ਲੱਗਿਆ ਹੈ ਕਿ ਡਾਇੰਗ ਫੈਕਟਰੀ ‘ਚੋਂ ਸਕੂਟਰ ਤੇ 1 – 1 ਜਾਂ 2 – 2 ਥਾਨ ਲਿਜਾ ਕੇ ਬਾਹਰ ਵੇਚਦਾ ਰਿਹਾ | ਉਸ ਤੋਂ ਜਦੋਂ ਇਸ ਬਾਰੇ ‘ਚ ਪੁੱਛਗਿੱਛ ਕੀਤੀ ਗਈ ਤਾਂ ਉਹ ਝਗੜਾ ਕਰਕੇ ਫਰਾਰ ਹੋ ਗਿਆ | ਦੁਬਾਰਾ ਕੰਮ ਤੇ ਵਾਪਸ ਨਹੀਂ ਆਇਆ | ਭੇਦ ਖੁੱਲ੍ਹ ਜਾਣ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਥਾਣਾ ਸਲੇਮ ਟਾਬਰੀ ਪੁਲਿਸ ਨੇ ਇਸ ਸ਼ਿਕਾਇਤ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿੱਚ ਏਐਸਆਈ ਜਨਕ ਰਾਜ ਨੇ ਦੱਸਿਆ ਕਿ ਮੁਲਜ਼ਮ ਜਿੰਮੀ ਖ਼ਿਲਾਫ਼ ਕੇਸ ਦਰਜ ਕਰਕੇ ਉਸਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਉਸਨੂੰ ਕਾਬੂ ਕਰ ਲਿਆ ਜਾਵੇਗਾ।