ਜ਼ਿਲ੍ਹਾ ਮੋਗਾ ਦੀਆਂ 8 ਮੰਡੀਆਂ ਵਿੱਚ ਬਣਾਏ ਪੱਕੇ ” ਕਰੋਨਾ ਸੈਂਪਲਿੰਗ ਕਾਰਨਰ “
– ਝੋਨੇ ਦੀ ਖਰੀਦ ਦੌਰਾਨ ਦਾਣਾ ਮੰਡੀਆਂ ਵਿੱਚ ਕਾਰਵਾਈ ਜਾਵੇਗੀ ਵੱਧ ਤੋਂ ਵੱਧ ਲੋਕਾਂ ਦੀ ਸੈਂਪਲਿੰਗ
– ਡਿਪਟੀ ਕਮਿਸ਼ਨਰ ਵੱਲੋਂ ਸਿਹਤ ਵਿਭਾਗ ਨੂੰ ਕਿਸਾਨਾਂ, ਆੜਤੀਆਂ, ਮਜਦੂਰਾਂ ਅਤੇ ਹੋਰ ਲੋਕਾਂ ਦੀ ਜਾਂਚ ਕਰਨ ਦੀ ਹਦਾਇਤ
ਮੋਗਾ, 13 ਅਕਤੂਬਰ (ਨਿਊਜ਼ ਪੰਜਾਬ) – ਜ਼ਿਲ੍ਹਾ ਮੋਗਾ ਵਿੱਚ ਝੋਨੇ ਦੀ ਸਰਕਾਰੀ ਖਰੀਦ ਪੂਰੇ ਜ਼ੋਰਾਂ ਉਤੇ ਜਾਰੀ ਹੈ, ਜਿਸ ਕਾਰਨ ਮੰਡੀਆਂ ਵਿੱਚ ਰੋਜ਼ਾਨਾ ਹਜ਼ਾਰਾਂ ਲੋਕਾਂ ਦਾ ਆਉਣਾ ਜਾਣਾ ਜਾਰੀ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਨੇ ਇਸ ਮੌਕੇ ਦਾ ਭਰਪੂਰ ਲਾਹਾ ਲੈਂਦਿਆਂ ਮੰਡੀਆਂ ਵਿੱਚ ਕਿਸਾਨਾਂ, ਆੜਤੀਆਂ, ਮਜਦੂਰਾਂ ਅਤੇ ਹੋਰ ਲੋਕਾਂ ਦੀ ਸੈਂਪਲਿੰਗ ਕਰਾਉਣ ਦਾ ਫੈਸਲਾ ਲਿਆ ਹੈ। ਇਸ ਲਈ ਜ਼ਿਲ੍ਹੇ ਦੀਆਂ ਵੱਡੀਆਂ 8 ਮੰਡੀਆਂ ਵਿੱਚ ਝੋਨੇ ਦੀ ਖਰੀਦ ਦੌਰਾਨ ਪੱਕੇ ” ਕਰੋਨਾ ਸੈਂਪਲਿੰਗ ਕਾਰਨਰ ” ਸਥਾਪਤ ਕਰਵਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਦੱਸਿਆ ਕਿ ਜਿਹੜੀਆਂ ਮੰਡੀਆਂ ਵਿੱਚ ਇਹ ” ਕਰੋਨਾ ਸੈਂਪਲਿੰਗ ਕਾਰਨਰ ” ਬਣਾਏ ਗਏ ਹਨ, ਉਹਨਾਂ ਵਿੱਚ ਮੋਗਾ, ਧਰਮਕੋਟ, ਬਾਘਾਪੁਰਾਣਾ, ਕੋਟ ਇਸੇ ਖਾਂ, ਫਤਹਿਗੜ੍ਹ ਪੰਜਤੂਰ, ਨਿਹਾਲ ਸਿੰਘ ਵਾਲਾ, ਬੱਧਣੀ ਅਤੇ ਅਜੀਤਵਾਲ ਸ਼ਾਮਿਲ ਹਨ। ਇਸ ਤੋਂ ਇਲਾਵਾ ਹੋਰ ਮੰਡੀਆਂ ਵਿੱਚ ਵੀ ਸਿਹਤ ਵਿਭਾਗ ਦੀਆਂ ਟੀਮਾਂ ਜਾ ਕੇ ਲਗਾਤਾਰ ਸੈਂਪਲਿੰਗ ਕਰਨਗੀਆਂ। ਇਹਨਾਂ ” ਕਰੋਨਾ ਸੈਂਪਲਿੰਗ ਕਾਰਨਰ ” ਵਿੱਚ ਸੈਂਪਲ ਲੈਣ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਸਿਹਤ ਵਿਭਾਗ ਨੂੰ ਏਥੇ ਟੀਮਾਂ ਲਗਾਉਣ ਲਈ ਕਹਿ ਦਿੱਤਾ ਗਿਆ ਹੈ। ਇਹਨਾਂ ਕਾਰਨਰਾਂ ਵਿੱਚ ਬੁਨਿਆਦੀ ਸਹੂਲਤਾਂ ਮੰਡੀ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਇਸ ਵਾਰ ਝੋਨੇ ਦੀ ਸਰਕਾਰੀ ਖਰੀਦ 10 ਨਵੰਬਰ, 2020 ਤੱਕ ਜਾਰੀ ਰਹੇਗੀ। ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਦੱਸਿਆ ਕਿ ਵਿਸ਼ਵ ਭਰ ਵਿੱਚ ਫੈਲੀ ਕਰੋਨਾ ਮਹਾਂਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ ਸ਼ੁਰੂ ਕੀਤੇ ਗਏ ਯਤਨਾਂ ਨੂੰ ਹੋਰ ਤੇਜ਼ ਕਰਦਿਆਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਜ਼ਿਲ੍ਹਾ ਮੋਗਾ ਵਿੱਚ ਚਾਲੂ ਝੋਨੇ ਦੀ ਖਰੀਦ ਦੌਰਾਨ ਦਾਣਾ ਮੰਡੀਆਂ ਵਿੱਚ ਕਿਸਾਨਾਂ, ਆੜਤੀਆਂ, ਮਜਦੂਰਾਂ ਅਤੇ ਹੋਰ ਲੋਕਾਂ ਦੀ ਸੈਂਪਲਿੰਗ ਜਰੂਰ ਕੀਤੀ ਜਾਵੇ ਤਾਂ ਜੌ ਹਰੇਕ ਵਿਅਕਤੀ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਇਆ ਜਾਵੇ।
ਸ਼੍ਰੀ ਹੰਸ ਨੇ ਕਿਹਾ ਕਿ ਅੱਜ ਲੋੜ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਹਿ ਨੂੰ ਕਾਮਯਾਬ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਬਿਮਾਰੀ ਦੀ ਲਾਗ ਤੋਂ ਬਚਾਇਆ ਜਾਵੇ। ਉਹਨਾਂ ਸਿਹਤ ਅਧਿਕਾਰੀਆਂ ਦੇ ਨਾਲ ਨਾਲ ਹੋਰ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਲੋਕਾਂ ਨੂੰ ਸੈਂਪਲਿੰਗ ਕਰਾਉਣ ਲਈ ਜਾਗਰੂਕ ਕਰਨ। ਜੌ ਵਿਅਕਤੀ ਕਰੋਨਾ ਪੀੜਤ ਪਾਏ ਜਾਂਦੇ ਹਨ ਉਹਨਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਜਰੂਰ ਟ੍ਰੇਸ ਕੀਤਾ ਜਾਵੇ ਤਾਂ ਜੌ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।