ਧਾਰਮਿਕ ਅਸਥਾਨਾਂ ਵਿੱਚ ਕੋਰੋਨਾ ਮਹਾਮਾਰੀ ਲਈ ਸੁਰਖਿਆ ਨਾ ਅਪਣਾਉਣਾ ਹੋ ਸਕਦਾ ਘਾਤਕ – ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆ ਰਹੀ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਦੀ ਸੁਰਖਿਆ ਲਈ ਸਿੱਖ ਕੌਮ ਚਿੰਤਤ – ਪ੍ਰਬੰਧਕਾਂ ਨੇ ਕਿਹਾ ਮਾਸਕ ਲਾਜ਼ਮੀ ਕੀਤਾ ਜਾ ਰਿਹਾ
ਨਿਊਜ਼ ਪੰਜਾਬ
ਲੁਧਿਆਣਾ , 22 ਅਗਸਤ – ਕੀ ਧਾਰਮਿਕ ਅਸਥਾਨਾਂ ਦੇ ਅੰਦਰ ਸ਼ਰਧਾ -ਭਾਵਨਾ ਪ੍ਰਗਟਾਅ ਰਹੇ ਸ਼ਰਧਾਲੂ ਮਾਸਕ ਪਾਏ ਬਿਨਾ ਕੋਰੋਨਾ ਮਹਾਂਮਾਰੀ ਤੋਂ ਪੂਰੀ ਤਰ੍ਹਾਂ ਸੁਰਖਿਅਤ ਹਨ ? ਇੱਹ ਸਵਾਲ ਦੇਸ਼ -ਵਿਦੇਸ਼ ਵਿੱਚ ਬੈਠੇ ਹਰ ਵਿਅਕਤੀ ਦੇ ਮਨ ਵਿੱਚ ਆ ਰਿਹਾ ਹੈ , ਖਾਸ ਕਰ ਸਿੱਖਾਂ ਦੇ ਵੱਡੇ ਕੇਂਦਰੀ ਅਸਥਾਨ ਸ਼੍ਰੀ ਦਰਬਾਰ ਸਾਹਿਬ ਅਮ੍ਰਿਤਸਰ ਦੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਨ -ਦੀਦਾਰੇ ਕਰ ਰਹੀਆਂ ਸੰਗਤਾਂ ਨੂੰ ਲਾਈਵ ਟੈਲੀਕਾਸਟ ਹੋ ਰਹੇ ਟੀ ਵੀ ਪ੍ਰੋਗਰਾਮ ਵਿੱਚ ਰੋਜ਼ਾਨਾ ਵੇਖ ਕੇ ਹਰ ਸਿੱਖ ਸੋਚ ਰਿਹਾ ਹੈ ਕੀ ਮੌਜ਼ੂਦਾ ਕੋਰੋਨਾ ਦੇ ਦਰਦਨਾਕ ਦੌਰ ਵਿੱਚ ਹਜ਼ਾਰਾਂ ਸਿਖਾਂ ਦੀ ਸੁਰਖਿਆ ਦਾ ਕੌਣ ਹੈ ਜੁਮੇਵਾਰ ?
ਸਿਰਫ ਸਿੱਖ ਧਰਮ ਹੀ ਨਹੀਂ ਸਾਰੇ ਧਰਮਾਂ ਵਾਲੇ ਆਗੂ ਆਪਣੇ ਧਰਮ ਦੇ ਸ਼ਰਧਾਲੂਆਂ ਨੂੰ ਮੁਸੀਬਤ ਵਿੱਚ ਪਾ ਰਹੇ ਹਨ | ਧਰਮ ਦੀ ਆੜ ਵਿੱਚ ਕੋਰੋਨਾ ਮਹਾਂਮਾਰੀ ਤੋਂ ਲਾ-ਪ੍ਰਵਾਹ ਹੋਣਾ ਇੱਕ ਵੱਡੀ ਮੁਸੀਬਤ ਸਹੇੜਣਾ ਹੈ ?
ਸਿੱਖ ਕੌਮ ਦੇ ਕੇਂਦਰੀ ਅਸਥਾਨ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨਾਂ ਹਰ ਸਿੱਖ ਦੇ ਮਨ ਦੀ ਖਿੱਚ ਹੈ ਅਤੇ ਸਿੱਖ ਹਰ ਮੁਸੀਬਤ ਵਿੱਚ ਵੀ ਦਰਸ਼ਨ ਕਰਨ ਤੋਂ ਪਿਛੇ ਨਹੀਂ ਹੱਟ ਸਕਦਾ , ਹਜ਼ਾਰਾਂ ਸਖਤੀਆਂ ਦੇ ਬਾਵਜ਼ੂਦ ਵੀ ਸਿੱਖ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਹਮੇਸ਼ਾ ਯਤਨਸ਼ੀਲ ਰਹੇ ਹਨ I ਇਥੇ ਸਿੱਖ ਸੰਗਤਾਂ ਦੀ ਸ਼ਰਧਾ ਦਾ ਧਿਆਨ ਰੱਖਣਾ ਪ੍ਰਬੰਧਕਾਂ ਦੀ ਡਿਊਟੀ ਹੈ I ਲੱਖਾਂ ਦੀ ਗਿਣਤੀ ਵਿੱਚ ਪੁੱਜ ਰਹੀ ਸਿੱਖ ਸੰਗਤ ਦੀ ਸੁਰਖਿਆ ਲਈ ਹਰ ਸਿੱਖ ਚਿੰਤਕ ਹੈ I
ਜਦੋ ਸ਼੍ਰੋਮਣੀ ਕਮੇਟੀ ਦੇ ਇੱਕ ਆਗੂ ਨਾਲ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕੀ ਪ੍ਰਧਾਨ ਵਲੋਂ ਇਸ ਸਬੰਧੀ ਕਿਹਾ ਗਿਆ ਹੈ ਕਿ ਹਰ ਸਿੱਖ ਮਾਸਕ ਪਾ ਕੇ ਯਾਤਰਾ , ਦਰਸ਼ਨ-ਦੀਦਾਰੇ ਕਰੇ , ਉਨ੍ਹਾਂ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਪ੍ਰਕਰਮਾਂ ਵਿੱਚ ਜਾਣ ਤੋਂ ਪਹਿਲਾਂ ਸਨੇਟਾਈਜ਼ਰ ਨਾਲ ਹੱਥ ਸਾਫ ਕਰਕੇ ਅਤੇ ਟੈਪਰੇਚਰ ਚੈੱਕ ਕਰ ਕੇ ਅੰਦਰ ਭੇਜਿਆ ਜਾ ਰਿਹਾ I ਸ਼੍ਰੋਮਣੀ ਕਮੇਟੀ ਦੇ ਇੱਕ ਅਧਿਕਾਰੀ ਨੇ ਵੀ ਸਪਸ਼ਟ ਕੀਤਾ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਥੇ ਪਹਿਲਾਂ ਸੰਗਤਾ ਦੀ ਥਰਮਲ ਸਕਰੀਨਿੰਗ ਨਾਲ ਤਾਪਮਾਨ ਚੈੱਕ ਕੀਤਾ ਜਾਂਦਾ ਸੀ ਅਤੇ ਸਰੀਰ ਸੈਨੇਟਾਇਜ਼ਰ ਟਨਲ ਵਿਚੋਂ ਸੈਨੇਟਾਇਜ ਕਰਕੇ ਭੇਜਿਆ ਜਾਂਦਾ ਸੀ। ਉਥੇ ਹੀ, ਹੁਣ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਉਣ ਵਾਲੀਆਂ ਸੰਗਤਾਂ ਨੂੰ ਅਤੇ ਸਾਰੇ ਮੁਲਾਜ਼ਮਾਂ, ਸੇਵਾਦਾਰਾਂ ਨੂੰ ਮਾਸਕ ਪਾਉਣਾ ਜਰੂਰੀ ਕਰ ਦਿੱਤਾ ਗਿਆ ਹੈ ਤਾਂ ਜੋ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।