ਲੁਧਿਆਣਾ – ਸ੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮੱਰਪਿਤ ਸ਼ਬਦ ਗਾਇਨ ਮੁਕਾਬਲੇ ਲਈ ਜ਼ਿਲਾ ਪੱਧਰੀ ਨਤੀਜੇ ਜਾਰੀ

ਜ਼ਿਲਾ ਪੱਧਰ ‘ਤੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਸੂਬਾ ਪੱਧਰੀ ਮੁਕਾਬਲੇ ਦਾ ਭਾਗੀਦਾਰ ਬਨਣਗੇ

ਨਿਊਜ਼ ਪੰਜਾਬ

ਲੁਧਿਆਣਾ, 28 ਜੁਲਾਈ – ਸਕੂਲ ਸਿੱਖਿਆ ਵਿਭਾਗ, ਪੰਜਾਬ ਸਰਕਾਰ ਵਲੋਂ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮੱਰਪਿਤ ਵਿਦਿਅਕ ਮੁਕਾਬਲਿਆਂ ਦੇ ਪਹਿਲੇ ਚਰਨ ਸ਼ਬਦ ਗਾਇਨ ਮੁਕਾਬਲੇ ਦੇ ਜ਼ਿਲਾ ਪੱਧਰੀ ਨਤੀਜੇ ਅੱਜ ਜਾਰੀ ਹੋ ਚੁੱਕੇ ਹਨ।ਰਾਜ ਖੋਜ ਅਤੇ ਸਿੱਖਿਆ ਸਿਖਲਾਈ ਸੰਸਥਾ, ਪੰਜਾਬ ਵਲੋਂ ਜਾਰੀ ਜ਼ਿਲਾ ਪੱਧਰੀ ਨਤੀਜੇ ਸਕੂਲਾਂ ਨੂੰ ਜਾਰੀ ਕਰਦਿਆਂ ਜ਼ਿਲਾ ਸਿੱਖਿਆ ਅਫਸਰ ਸਵਰਨਜੀਤ ਕੌਰ ਨੇ ਦੱਸਿਆ ਕਿ ਵਿਦਿਅਕ ਮੁਕਾਬਲਿਆਂ ਦੇ 6-8 ਜਮਾਤ ਦੇ ਵਰਗ ਵਿੱਚ ਸਰਕਾਰੀ ਹਾਈ ਸਕੂਲ ਲੁਹਾਰਾ ਦੇ ਅਰਸ਼ਦੀਪ ਸਿੰਘ ਨੇ ਪਹਿਲਾ ਅਤੇ ਸੀਨੀਅਰ ਸੈਕੰਡਰੀ ਸਕੂਲ ਇਆਲੀ ਖਰਦ ਦਾ ਨਰਿੰਦਰ ਸਿੰਘ ਦੂਜੇ ਸਥਾਨ ਤੇ ਰਿਹਾ, ਜਦਕਿ ਸੀਨੀਅਰ ਵਰਗ ਵਿੱਚ ਪੀ.ਏ.ਯੂ. ਸਕੂਲ ਦੀ ਕੋਮਲਪ੍ਰੀਤ ਕੌਰ ਪਹਿਲੇ ਅਤੇ ਸੀਨੀਅਰ ਸੈਕੰਡਰੀ ਸਕੂਲ ਪੁੜੈਣ ਦੀ ਕਿਰਨਦੀਪ ਕੌਰ ਦੂਜੇ ਸਥਾਨ ਤੇ ਰਹੀ।
ਇਸੇ ਤਰ੍ਹਾਂ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਆਪਣੇ-ਆਪਣੇ ਵਰਗਾਂ ਵਿੱਚ ਗੁਰੂ ਸਾਹਿਬ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ।ਇਨ੍ਹਾਂ ਵਿਦਿਆਰਥੀਆਂ ਦੇ ਸੀਨੀਅਰ ਵਰਗ ਵਿੱਚ ਸਰਕਾਰੀ ਸੀਨਅੀਰ ਸੈਕੰਦਰੀ ਸਕੂਲ ਲੀਲਾਂ ਮੇਘ ਸਿੰਘ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਪਹਿਲਾ ਸਥਾਨ ਅਤੇ ਜਗਰਾਉਂ ਕੰਨਿਆ ਸਕੂਲ ਦੀ ਵਿਦਿਆਰਥਣ ਸੋਨੀਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਜ਼ਿਲਾ ਸਿੱਖਿਆ ਅਫਸਰ (ਸ) ਸਵਰਨਜੀਤ ਕੌਰ ਅਤੇ ਉਪ ਜ਼ਿਲਾ ਸਿੱਖਿਆ ਅਫਸਰ (ਸ) ਡਾ. ਚਰਨਜੀਤ ਸਿੰਘ ਤੇ ਸ੍ਰੀ ਅਸੀਸ ਕੁਮਾਰ ਸ਼ਰਮਾ ਨੇ ਸਾਂਝੇ ਤੌਰ ਤੇ ਜੇਤੂ ਵਿਦਿਆਰਥੀਆਂ ਤੇ ਉਨਾਂ ਦੇ ਗਾਈਡ ਅਧਿਆਪਕਾਂ ਅਤੇ ਸਕੂਲ ਮੁੱਖੀਆਂ ਨੂੰ ਮੁਬਾਰਕਵਾਦ ਦਿੱਤੀ ਅਤੇ ਅਪੀਲ ਕੀਤੀ ਕਿ ਬਾਕੀ ਰਹਿੰਦੇ ਮੁਕਾਬਲਿਆਂ ਲਈ ਸਰਕਾਰੀ ਸਕੂਲਾਂ ਦੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇ, ਕਿਉਂਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਕੋਲ ਹੁਨਰ ਅਤੇ ਕਲਾ ਦੀ ਕੋਈ ਘਾਟ ਨਹੀਂ ਹੈ।ਸਿਰਫ ਹੱਲਾਸ਼ੇਰੀ ਅਤੇ ਤਰਾਸ਼ਣ ਦੀ ਲੋੜ ਹੈ।ਜ਼ਿਲਾ ਨੋਡਲ ਅਫਸਰ ਗੁਰਕ੍ਰਿਪਾਲ ਸਿੰਘ ਨੇ ਦੱਸਿਆ ਕਿ ਸ਼ਬਦ ਗਾਇਨ ਮੁਕਾਬਲੇ ਲਈ ਜ਼ਿਲਾ ਪੱਧਰ ਤੇ ਪਹਿਲੀਆਂ ਦੋ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਵੀਡਿਓ ਲਿੰਕ ਰਾਜ ਪੱਧਰੀ ਮੁਕਾਬਲੇ ਲਈ ਭੇਜੇ ਜਾਣਗੇ।
ਉਨ੍ਹਾਂ ਦੱਸਿਆ ਕਿ ਸਕੂਲ, ਬਲਾਕ ਅਤੇ ਜ਼ਿਲਾ ਪੱਧਰ ਤੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਤੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਆਨਲਾਈਨ ਰਾਜ ਖੋਜ ਅਤੇ ਸਿੱਖਿਆ ਸਿਖਲਾਈ ਸੰਸਥਾ, ਪੰਜਾਬ ਵਲੋਂ ਸਰਟੀਫਿਕੇਟ ਪ੍ਰਾਪਤ ਹੋਣਗੇ।
ਕੈਪਸ਼ਨ : ਜ਼ਿਲਾ ਪੱਧਰੀ ਸ਼ਬਦ ਗਾਇਨ ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਪ੍ਰਾਪਤ ਵਿਦਿਆਰਥਣ ਅਮਨਦੀਪ ਕੌਰ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਮਨਜੀਤ ਕੌਰ ਸਸਸਸ ਲੀਲਾਂ ਮੇਘ ਸਿੰਘ, ਅਧਿਆਪਕ ਅਤੇ ਮਾਪੇ।