ਕੈਬਨਿਟ ਮੰਤਰੀ ਨੇ ਅੱਜ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ, ਸਿਵਲ ਸਰਜਨ ਅਤੇ ਹੋਰ ਅਧਿਕਾਰੀਆਂ ਨਾਲ ਰੀਵੀਊ ਮੀਟਿੰਗ ਕੀਤੀ

ਸ਼ਹਿਰ ਵਾਸੀਆਂ ਦੀ ਸਹੂਲਤ ਲਈ 3 ਨਵੇਂ ਸਥਾਨਾਂ ‘ਤੇ ਕੋਵਿਡ ਟੈਸਟਿੰਗ ਸ਼ੁਰੂ – ਭਾਰਤ ਭੂਸ਼ਣ ਆਸ਼ੂ
ਕਮਿਊਨਿਟੀ ਹੈਲਥ ਸੈਂਟਰ ਜਵੱਦੀ, ਸੁਭਾਸ਼ ਨਗਰ ਅਤੇ ਗਿਆਸਪੁਰਾ ਵਿਖੇ ਕੋਵਿਡ ਟੈਸਟ ਸ਼ੁਰੂ

ਨਿਊਜ਼ ਪੰਜਾਬ

ਲੁਧਿਆਣਾ, 27 ਜੁਲਾਈ  – ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਭਲਾਈ ਲਈ ਕੋਵਿਡ-19 ਟੈਸਟ ਹੁਣ ਤਿੰਨ ਨਵੇਂ ਸਰਕਾਰੀ ਕੇਂਦਰਾਂ, ਭਾਵ ਜਵੱਦੀ, ਸੁਭਾਸ਼ ਨਗਰ ਅਤੇ ਗਿਆਸਪੁਰਾ ਵਿਖੇ ਸਥਿਤ ਕਮਿਊਨਿਟੀ ਹੈਲਥ ਸੈਂਟਰਾਂ ਵਿਖੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਹੂਲਤ ਦੇ ਸ਼ੁਰੂ ਹੋਣ ਨਾਲ ਕੋਵਿਡ ਟੈਸਟ ਕਰਵਾਉਣ ਲਈ ਕੁੱਲ ਸਰਕਾਰੀ ਸਹੂਲਤਾਂ ਦੀ ਗਿਣਤੀ 6 ਹੋ ਜਾਵੇਗੀ।
ਜਿਕਰਯੋਗ ਹੈ ਕਿ ਇਸ ਸਮੇਂ ਸਿਵਲ ਹਸਪਤਾਲ ਲੁਧਿਆਣਾ, ਚੰਡੀਗੜ੍ਹ ਰੋਡ ‘ਤੇ ਵਰਧਮਾਨ ਮਿਲਜ਼ ਨੇੜੇ ਮਦਰ ਚਾਈਲਡ ਹਸਪਤਾਲ ਅਤੇ ਨਹਿਰੂ ਰੋਜ਼ ਗਾਰਡਨ ਨੇੜੇ ਮੈਰੀਟੋਰੀਅਸ ਸਕੂਲ ਵਿਖੇ ਕੋਵਿਡ ਨਮੂਨੇ ਲਏ ਜਾ ਰਹੇ ਹਨ। ਇਸ ਤੋਂ ਇਲਾਵਾ, ਪੁਲਿਸ ਲਾਈਨਜ਼ (ਪੁਲਿਸ ਮੁਲਾਜ਼ਮਾਂ ਲਈ) ਅਤੇ ਕੇਂਦਰੀ ਜੇਲ੍ਹ ਵਿਚ (ਕੈਦੀਆਂ/ਹਵਾਲਾਤੀਆਂ ਲਈ) ਅਤੇ ਮੋਬਾਈਲ ਟੀਮਾਂ ਦੁਆਰਾ ਕੰਟੇਨਮੈਂਟ/ਮਾਈਕਰੋ-ਕੰਟੇਨਮੈਂਟ ਜ਼ੋਨਾਂ ‘ਚ ਵੀ ਸੈਂਪਲਿੰਗ ਕੀਤੀ ਜਾਂਦੀ ਹੈ।
ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਇਸ ਸਬੰਧ ਵਿੱਚ ਇੱਕ ਰੀਵੀਊ ਮੀਟਿੰਗ ਦੀ ਪ੍ਰਧਾਨਗੀ ਕੀਤੀ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਅਗਰਵਾਲ, ਮੁੱਖ ਮੰਤਰੀ ਦੇ ਓ.ਐਸ.ਡੀ. ਸ੍ਰੀ ਅੰਕਿਤ ਬਾਂਸਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਡਾ. ਸਚਿਨ ਗੁਪਤਾ, ਸਿਵਲ ਸਰਜਨ ਡਾ ਰਾਜੇਸ਼ ਕੁਮਾਰ ਬੱਗਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਸ੍ਰੀ ਆਸ਼ੂ ਨੇ ਦੱਸਿਆ ਕਿ ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਵੱਡੀ ਗਿਣਤੀ ਵਿਚ ਲੋਕ ਸਿਵਲ ਹਸਪਤਾਲ ਲੁਧਿਆਣਾ ਵਿਖੇ , ਮਦਰ ਚਾਈਲਡ ਹਸਪਤਾਲ ਨੇੜੇ ਵਰਧਮਾਨ ਮਿਲਜ਼, ਚੰਡੀਗੜ੍ਹ ਰੋਡ ਅਤੇ ਮੈਰੀਟੋਰੀਅਸ ਸਕੂਲ ਨੇੜੇ ਨਹਿਰੂ ਰੋਜ਼ ਗਾਰਡਨ ਵਿਖੇ ਕੋਵਿਡ-19 ਦੀ ਜਾਂਚ ਲਈ ਵਿਚ ਲੋਕ ਇਕੱਠੇ ਹੋ ਰਹੇ ਸਨ। ਕਿਸੇ ਖਾਸ ਜਗ੍ਹਾ ‘ਤੇ ਅਜਿਹੇ ਵਿਅਕਤੀਆਂ ਦੀ ਆਮਦ ਨੂੰ ਘਟਾਉਣ ਲਈ ਤਿੰਨ ਹੋਰ ਸਥਾਨ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਰ ਜਗ੍ਹਾ ਟੈਸਟਿੰਗ ਕਾਊਂਟਰ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਸਮਾਜਿਕ ਦੂਰੀਆਂ ਨੂੰ ਬਣਾਈ ਰੱਖਿਆ ਜਾ ਸਕੇ।
ਸ੍ਰੀ ਭਾਰਤ ਭੂਸ਼ਣ ਆਸ਼ੂ ਦੇ ਯਤਨਾਂ ਸਦਕਾ, ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਲੁਧਿਆਣਾ ਨੇ ਲਾਰਡ ਮਹਾਵੀਰਾ ਹੋਮਿਓਪੈਥਿਕ ਮੈਡੀਕਲ ਕਾਲਜ ਅਤੇ ਹਸਪਤਾਲ ਨੂੰ ਕੋਵਿਡ ਕੇਅਰ ਸੈਂਟਰ ਵਜੋਂ ਚਲਾਉਣ ਲਈ ਸਹਿਮਤੀ ਦਿੱਤੀ ਹੈ। ਸ੍ਰੀ ਆਸ਼ੂ ਨੇ ਆਈ.ਐਮ.ਏ. ਲੁਧਿਆਣਾ ਅਤੇ ਲਾਰਡ ਮਹਾਵੀਰ ਹੋਮਿਓਪੈਥਿਕ ਮੈਡੀਕਲ ਕਾਲਜ ਅਤੇ ਹਸਪਤਾਲ ਦੋਵਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਇਸ ਔਖੀ ਘੜੀ ‘ਚ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਕੀਤੀ। ਉਨ੍ਹਾਂ ਕਿਹਾ ਕਿ ਉਹ ਸਰਕਾਰੀ ਹਸਪਤਾਲਾਂ ਨੂੰ ਸੰਭਾਲਣ ਲਈ ਦੂਸਰੇ ਨਿੱਜੀ ਹਸਪਤਾਲਾਂ ਨਾਲ ਵੀ ਗੱਲਬਾਤ ਕਰ ਰਹੇ ਹਨ ਤਾਂ ਜੋ ਵਸਨੀਕਾਂ ਨੂੰ ਉੱਤਮ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ।
ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਲੁਧਿਆਣਾ ਵਿੱਚ ਮਰੀਜ਼ਾਂ ਲਈ ਬਿਸਤਰੇ ਦੀ ਘਾਟ ਨਾ ਹੋਵੇ ਅਤੇ ਹੋਰ ਨਿੱਜੀ ਹਸਪਤਾਲਾਂ ਦੀਆਂ ਸੇਵਾਵਾਂ ਲੋਕਾਂ ਦੇ ਹਿੱਤ ਵਿੱਚ ਲਈਆਂ ਜਾਣ।
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਨੇ ਸ੍ਰੀ ਆਸ਼ੂ ਨੂੰ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਦੀ ਭਲਾਈ ਲਈ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਿੱਜੀ ਹਸਪਤਾਲਾਂ ਵਿੱਚ ਬਿਹਤਰ ਤਾਲਮੇਲ ਯਕੀਨੀ ਬਣਾਉਣ ਲਈ ਇੱਕ ਸਮਰਪਿਤ ਪੋਰਟਲ ਤਿਆਰ ਕੀਤਾ ਗਿਆ ਹੈ। ਇਸ ਪੋਰਟਲ ਰਾਹੀਂ ਹਰੇਕ ਹਸਪਤਾਲ ਵਿੱਚ ਖਾਲੀ ਪਏ ਬੈਡ ਦੀ ਸਥਿਤੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਇੱਕ ਖਾਸ ਹਸਪਤਾਲ ਕੋਲ ਖਾਲੀ ਬਿਸਤਰਾ ਨਹੀਂ ਹੁੰਦਾ ਤਾਂ ਮਰੀਜ਼ ਨੂੰ ਨੇੜੇ ਦੇ ਹਸਪਤਾਲ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਹੁਣ ਕੋਈ ਵੀ ਹਸਪਤਾਲ ਖਾਲੀ ਪਏ ਬੈਡ ਦੀ ਅਸਲ ਸਥਿਤੀ ਬਾਰੇ ਜਾਣਕਾਰੀ ਲੁਕਾ ਨਹੀਂ ਸਕੇਗਾ। ਉਨ੍ਹਾਂ ਕਿਹਾ ਕਿ ਇਸ ਪੋਰਟਲ ਦਾ ਸਿੱਧਾ ਕੰਟਰੋਲ ਉਨ੍ਹਾਂ ਤੋਂ ਇਲਾਵਾ ਪੁਲਿਸ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕੋਲ ਹੈ। ਇਸ ਤੋਂ ਇਲਾਵਾ ਜਾਣਕਾਰੀ ਨਿੱਜੀ ਹਸਪਤਾਲਾਂ ਨਾਲ ਵੀ ਸਾਂਝੀ ਕੀਤੀ ਜਾ ਰਹੀ ਹੈ।
ਸ੍ਰੀ ਆਸ਼ੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਾਗਰਿਕਾਂ ਨੂੰ ਉੱਤਮ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਉਨ੍ਹਾਂ ਨੂੰ ਘਬਰਾਉਣ ਬਿਲਕੁੱਲ ਜ਼ਰੂਰਤ ਨਹੀਂ ਹੈ ਕਿਉਂਕਿ ਉਹ ਨਿੱਜੀ ਤੌਰ ‘ਤੇ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ।