400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਕਾਬਲੇ- ਸ਼ਬਦ ਗਾਇਨ ਪ੍ਰਤੀਯੋਗਤਾ ਵਿੱਚ ਪਟਿਆਲਾ ਜ਼ਿਲ੍ਹੇ ਦੇ ਸਭ ਤੋਂ ਵੱਧ ਵਿਦਿਆਰਥੀਆਂ ਨੇ ਲਿਆ ਹਿੱਸਾ

ਨਿਊਜ਼ ਪੰਜਾਬ
ਵਿਦਿਆਰਥੀ ਗੀਤ ਗਾਇਨ ਮੁਕਾਬਲਿਆਂ ‘ਚ ਵੱਧ ਚੜਕੇ ਹਿੱਸਾ ਲੈਣ : ਜ਼ਿਲ੍ਹਾ ਸਿੱਖਿਆ ਅਫ਼ਸਰ
ਪਟਿਆਲਾ 20 ਜੁਲਾਈ:
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਆਨਲਾਈਨ ਵਿੱਦਿਅਕ ਮੁਕਾਬਲਿਆਂ ਦੀ ਦੂਸਰੀ ਪ੍ਰਤੀਯੋਗਤਾ ਗੀਤ ਗਾਇਨ ਅੱਜ ਤੋਂ ਸ਼ੁਰੂ ਹੋ ਗਈ ਹੈ। ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਚੱਲ ਰਹੇ ਇਨ੍ਹਾਂ ਮੁਕਾਬਲਿਆਂ ‘ਚ ਵਿਸ਼ੇਸ਼ ਲੋੜਾਂ ਵਾਲੇ (ਦਿਵਿਆਂਗ) ਵਿਦਿਆਰਥੀਆਂ ਨੂੰ ਵੀ ਤਿੰਨਾਂ ਵਰਗਾਂ ‘ਚ ਬਰਾਬਰ ਦਾ ਮੌਕਾ ਦਿੱਤਾ ਜਾ ਰਿਹਾ ਹੈ।
ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ੍ਰੀਮਤੀ ਹਰਿੰਦਰ ਕੌਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜ. ਅਮਰਜੀਤ ਸਿੰਘ ਨੇ ਦੱਸਿਆ ਕਿ ਰਾਜ ਸਿੱਖਿਆ ਖੋਜ ਤੇ ਸਿਖਲਾਈ ਅਤੇ ਪ੍ਰੀਸ਼ਦ ਪੰਜਾਬ ਵੱਲੋਂ ਨਿਰਦੇਸ਼ਕ ਜਗਤਾਰ ਸਿੰਘ ਕੂਲੜੀਆਂ ਦੀ ਨਿਰੇਦਸ਼ਨਾ ‘ਚ ਚੱਲ ਰਹੇ ਮੁਕਾਬਲਿਆਂ ਦੀ ਪਹਿਲੀ ਪ੍ਰਤੀਯੋਗਤਾ ‘ਚ ਪਟਿਆਲਾ ਜ਼ਿਲ੍ਹਾ ਵੱਡੇ ਅੰਤਰ ਨਾਲ ਸ਼ਮੂਲੀਅਤ ਪੱਖੋਂ ਅੱਵਲ ਰਿਹਾ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਬਾਕੀ ਦੇ ਦੱਸ ਮੁਕਾਬਲਿਆਂ ‘ਚ ਵੀ ਉਨ੍ਹਾਂ ਦੀ ਝੰਡੀ ਰਹੇ।
ਡੀ.ਈ.ਓਜ. ਸਾਹਿਬਾਨ ਨੇ ਕਿਹਾ ਕਿ ਨੋਡਲ ਅਫਸਰ ਮਨਵਿੰਦਰ ਕੌਰ ਭੁੱਲਰ ਡਿਪਟੀ ਡੀ.ਈ.ਓ. (ਐਲੀ) ਤੇ ਪ੍ਰਿੰ. ਰਜਨੀਸ਼ ਗੁਪਤਾ, ਸਹਾਇਕ ਨੋਡਲ ਅਫਸਰ ਗੋਪਾਲ ਕ੍ਰਿਸ਼ਨ ਤੇ ਰਣਜੀਤ ਸਿੰਘ ਧਾਲੀਵਾਲ ਵੱਲੋਂ ਵੱਖ-ਵੱਖ ਸਕੂਲ ਮੁਖੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਲਗਾਤਾਰ ਰਾਬਤਾ ਬਣਾ ਕੇ ਰੱਖਿਆ ਹੋਇਆ ਹੈ। ਜਿਸ ਸਦਕਾ ਉਨ੍ਹਾਂ ਦੇ ਜਿਲ੍ਹੇ ‘ਚ ਵਿਦਿਅਕ ਮੁਕਾਬਲਿਆਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਦੱਸਣਯੋਗ ਹੈ ਕਿ ਸਕੂਲ ਪੱਧਰੀ ਗੀਤ ਗਾਇਨ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਯੋਗੀ ਵੀਹ ਜੁਲਾਈ ਤੋਂ ਚੌਵੀ ਜੁਲਾਈ ਰਾਤ ਬਾਰਾਂ ਵਜੇ ਤੱਕ ਆਪਣੀ ਪੇਸ਼ਕਾਰੀ ਦੀ ਵੀਡੀਓਜ਼ ਸੋਸ਼ਲ ਮੀਡੀਆ ਦੇ ਵੱਖ ਵੱਖ ਮਾਧਿਅਮਾਂ ਤੇ (ਆਮ ਪਬਲਿਕ ਲਈ ) ਅਪਲੋਡ ਕਰ ਸਕਦੇ ਹਨ। ਹਰੇਕ ਪ੍ਰਤੀਯੋਗੀ ਆਪਣੇ ਨਾਲ ਵੱਧ ਤੋਂ ਵੱਧ ਦੋ ਸਾਜ਼ਿੰਦੇ ਰੱਖ ਸਕਦਾ ਹੈ। ਸਾਰੇ ਵਰਗਾਂ ਲਈ ਪ੍ਰਤੀਯੋਗੀ ਤਿੰਨ ਤੋਂ ਪੰਜ ਮਿੰਟ ਦੇ ਵਿੱਚ ਗੀਤ ਗਾਇਨ ਕਰਕੇ ਆਪਣੀ ਦਾਅਵੇਦਾਰੀ ਪੇਸ਼ ਕਰ ਸਕੇਗਾ। ਗੀਤ ਪੂਰੀ ਤਰ੍ਹਾਂ ਗੁਰੂ ਮਰਿਆਦਾ ਅਤੇ ਨਿਯਮਾਂ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ, ਜੀਵਨ, ਸਿਧਾਂਤਾਂ, ਉਦੇਸ਼ਾਂ, ਉਸਤਤ ਅਤੇ ਕੁਰਬਾਨੀ ਤੇ ਆਧਾਰਿਤ ਹੀ ਪੇਸ਼ ਕੀਤੇ ਜਾਣਗੇ। ਵਿਭਾਗ ਦੀ ਸੋਸ਼ਲ ਮੀਡੀਆ ਕੁਆਰਡੀਨੇਟਰ ਦੀਪਕ ਵਰਮਾਂ ਨੇ ਦੱਸਿਆ ਕਿ ਇਹ ਮੁਕਾਬਲੇ ਸਿਰਫ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਹੀ ਆਯੋਜਿਤ ਕੀਤੇ ਜਾ ਰਹੇ ਹਨ।